ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਐਲਾਨ ਕੀਤਾ ਕਿ ਡੈਮੋਕਰੈਟਿਕ ਪਾਰਟੀ ਦੀ ਸਾਬਕਾ ਮੈਂਬਰ ਤੁਲਸੀ ਗਬਾਰਡ ‘ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ’ (ਡੀਐੱਨਆਈ) ਵਜੋਂ ਸੇਵਾਵਾਂ ਦੇਵੇਗੀ। ਗਬਾਰਡ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੀ ਹੈ ਅਤੇ 2020 ’ਚ ਉਹ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਉਮੀਦਵਾਰ ਵੀ ਸੀ। ਗਬਾਰਡ ਕੋਲ ਪੱਛਮੀ ਏਸ਼ੀਆ ਤੇ ਅਫਰੀਕਾ ਦੇ ਸੰਘਰਸ਼ ਦੀ ਮਾਰ ਹੇਠ ਆਏ ਖੇਤਰਾਂ ’ਚ ਤਿੰਨ ਵਾਰ ਤਾਇਨਾਤੀ ਦਾ ਤਜਰਬਾ ਹੈ। ਉਹ ਹਾਲ ਹੀ ਵਿੱਚ ਡੈਮੋਕਰੈਟਿਕ ਪਾਰਟੀ ਛੱਡ ਕੇ ਰਿਪਬਲਿਕਨ ਪਾਰਟੀ ’ਚ ਸ਼ਾਮਲ ਹੋਈ ਸੀ। ਟਰੰਪ ਨੇ ਐਲਾਨ ਕੀਤਾ, ‘ਮੈਨੂੰ ਇਹ ਐਲਾਨ ਕਰਦਿਆਂ ਕਾਫੀ ਖੁਸ਼ੀ ਹੋ ਰਹੀ ਹੈ ਕਿ ਸਾਬਕਾ ਸੰਸਦ ਮੈਂਬਰ ਲੈਫਟੀਨੈਂਟ ਕਰਨਲ ਤੁਲਸੀ ਗਬਾਰਡ ਡੀਐੱਨਆਈ ਵਜੋਂ ਸੇਵਾਵਾਂ ਦੇਵੇਗੀ। ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਤੁਲਸੀ ਨੇ ਸਾਡੇ ਦੇਸ਼ ਅਤੇ ਸਾਰੇ ਅਮਰੀਕੀਆਂ ਦੀ ਆਜ਼ਾਦੀ ਲਈ ਲੜਾਈ ਲੜੀ ਹੈ।’ ਉਨ੍ਹਾਂ ਕਿਹਾ, ‘ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਰੈਟਿਕ ਪਾਰਟੀ ਦੀ ਉਮੀਦਵਾਰ ਵਜੋਂ ਉਨ੍ਹਾਂ ਨੂੰ ਦੋਵਾਂ ਪਾਰਟੀਆਂ ’ਚ ਵੱਡੇ ਪੱਧਰ ’ਤੇ ਹਮਾਇਤ ਹਾਸਲ ਹੈ ਪਰ ਹੁਣ ਉਹ ਰਿਪਬਲਿਕਨ ਪਾਰਟੀ ਦੀ ਅਹਿਮ ਮੈਂਬਰ ਹੈ।’ -ਪੀਟੀਆਈ