ਸਾਂ ਫਰਾਂਸਿਸਕੋ, 16 ਜੁਲਾਈ
ਅਮਰੀਕਾ ’ਚ ਕਈ ਹਸਤੀਆਂ ਦੇ ਟਵਿਟਰ ਖਾਤਿਆਂ ਨੂੰ ਹੈਕ ਕਰ ਕੇ ਲੋਕਾਂ ਤੋਂ ਬਿਟਕੁਆਈਨ ਜਾਂ ਹੋਰ ਕ੍ਰਿਪਟੋਕਰੰਸੀ ਦੀ ਮੰਗ ਕੀਤੀ ਗਈ। ਜਿਨ੍ਹਾਂ ਵਿਅਕਤੀਆਂ ਦੇ ਟਵਿਟਰ ਖਾਤੇ ਹੈਕ ਕੀਤੇ ਗਏ ਹਨ, ਉਨ੍ਹਾਂ ’ਚ ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਐਮੇਜ਼ਨ ਦੇ ਸਹਿ-ਬਾਨੀ ਜੈੱਫ ਬਿਜ਼ੋਸ, ਟੇਸਲਾ ਅਤੇ ਸਪੇਸ ਐਕਸ ਦੇ ਬਾਨੀ ਇਲੋਨ ਮਸਕ, ਮਾਈਕਰੋਸਾਫ਼ਟ ਦੇ ਬਾਨੀ ਬਿਲ ਗੇਟਸ, ਉੱਘੇ ਨਿਵੇਸ਼ਕ ਵਾਰੈਨ ਬਫੇ ਆਦਿ ਦੇ ਨਾਮ ਸ਼ਾਮਲ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਐਪਲ ਅਤੇ ਉਬਰ ਜਿਹੀਆਂ ਵੱਡੀਆਂ ਕੰਪਨੀਆਂ ਦੇ ਟਵਿਟਰ ਅਕਾਊਂਟ ਵੀ ਹੈਕ ਕੀਤੇ ਗਏ ਸਨ। ਟਵਿਟਰ ਨੇ ਬੁੱਧਵਾਰ ਨੂੰ ਖਾਤੇ ਹੈਕ ਹੋਣ ਦੀ ਤਸਦੀਕ ਕੀਤੀ ਅਤੇ ਕਿਹਾ ਕਿ ਉਹ ਜਾਂਚ-ਪੜਤਾਲ ਕਰ ਕੇ ਇਸ ਨੂੰ ਠੀਕ ਕਰਨ ਲਈ ਲੋੜੀਂਦੇ ਕਦਮ ਉਠਾ ਰਹੇ ਹਨ। ਸਿਨਹੂਆ ਦੀ ਰਿਪੋਰਟ ਮੁਤਾਬਕ ਟਵਿਟਰ ਨੇ ਕਿਹਾ ਕਿ ਯੂਜ਼ਰਜ਼ ਨੂੰ ਟਵੀਟ ਕਰਨ ਜਾਂ ਪਾਸਵਰਡ ਬਦਲਣ ’ਚ ਦਿੱਕਤ ਆ ਸਕਦੀ ਹੈ ਕਿਉਂਕਿ ਉਹ ਸਾਈਬਰ ਹਮਲਾ ਕਰਨ ਵਾਲਿਆਂ ਦੀ ਜਾਂਚ ’ਚ ਲੱਗੇ ਹੋਏ ਹਨ। ਜਾਅਲਸਾਜ਼ਾਂ ਨੇ ਨੇਮਸਿਲੋ ਵੈੱਬਸਾਈਟ ਦੀ ਵਰਤੋਂ ਕੀਤੀ ਜਿਸ ਦਾ ਪਤਾ ਲਗਦੇ ਸਾਰ ਹੀ ਕੰਪਨੀ ਦੇ ਮੁੱਖ ਕਾਰਜਕਾਰੀ ਕ੍ਰਿਸਟੈਪਸ ਰੋਨਕਾ ਨੇ ਦੱਸਿਆ ਕਿ ਵੈੱਬਸਾਈਟ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਟੈੱਕ ਕਰੰਚ ਦੀ ਰਿਪੋਰਟ ਮੁਤਾਬਕ ਜਾਅਲਸਾਜ਼ਾਂ ਨੇ ਹਸਤੀਆਂ ਦੇ ਖਾਤਿਆਂ ’ਤੇ ਪੂਰੀ ਤਰ੍ਹਾਂ ਨਾਲ ਕਬਜ਼ਾ ਕਰ ਲਿਆ ਸੀ ਅਤੇ ਉਨ੍ਹਾਂ ਦੇ ਈ-ਮੇਲ ਪਤਿਆਂ ਨੂੰ ਵੀ ਬਦਲ ਦਿੱਤਾ ਸੀ ਜਿਸ ਕਾਰਨ ਉਹ ਅਕਾਊਂਟ ਖੋਲ੍ਹਣ ’ਚ ਨਾਕਾਮ ਰਹੇ।
-ਆਈਏਐਨਐਸ