ਵਾਸ਼ਿੰਗਟਨ, 7 ਜਨਵਰੀ
ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ਤੇ ਫੇਸਬੁੱਕ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਕਥਿਤ ਧਾਂਦਲੀਆਂ ਦੀਆਂ ਪੋਸਟਾਂ ਲਗਾਤਾਰ ਪਾਉਣ ਕਾਰਨ ਉਨ੍ਹਾਂ ਦਾ ਖਾਤਾ 12 ਘੰਟਿਆਂ ਲਈ ਬੰਦ ਕਰ ਦਿੱਤਾ ਹੈ। ਟਵਿੱਟਰ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਟਰੰਪ ਨੇ ਭਵਿੱਖ ਵਿੱਚ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਸ ਦੇ ਖਾਤੇ ‘ਤੇ ਪੱਕੇ ਤੌਰ ’ਤੇ ਪਾਬੰਦੀ ਲਗਾਈ ਜਾਏਗੀ। ਇਸ ਤੋਂ ਪਹਿਲਾਂ ਟਵਿੱਟਰ, ਫੇਸਬੁੱਕ ਅਤੇ ਯੂਟਿਊਬ ਨੇ ਟਰੰਪ ਦੀ ਵੀਡੀਓ ਹਟਾ ਦਿੱਤੀ ਸੀ।
ਇਸੇ ਦੌਰਾਨ ਫੇਸਬੁਕ ਨੇ ਐਲਾਨ ਕੀਤਾ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਦਾ ਕਾਰਜਕਾਲ ਸ਼ੁਰੂ ਹੋਣ ਤਕ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਫੇਸਬੁੱਕ ਦੀ ਵਰਤੋਂ ਨਹੀਂ ਕਰ ਸਕਣਗੇ। ਫੇਸਬੁਕ ਦੇ ਸੰਸਥਾਪਕ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਇੱਕ ਪੋਸਟ ਰਾਹੀਂ ਇਸ ਅਸਾਧਾਰਨ ਕਦਮ ਦਾ ਐਲਾਨ ਕਰਦਿਆਂ ਕਿਹਾ ਕਿ ਟਰੰਪ ਦੇ ਕਥਿਤ ‘ਉਕਸਾਵੇ’ ਉੱਤੇ ਬੁੱਧਵਾਰ ਨੂੰ ਕੈਪੀਟਲ ਭਵਨ (ਯੂਐੱਸ ਸੰਸਦ ਭਵਨ) ’ਤੇ ਭੀੜ ਨੇ ਜਾਨਲੇਵਾ ਹਮਲਾ ਕਰਨ ਮਗਰੋਂ ਅਹੁਦਾ ਛੱਡਣ ਵਾਲੇ ਰਾਸ਼ਟਰਪਤੀ ਨੂੰ ਇਸ ਪਲੇਟਫਾਰਮ ਦੀ ਵਰਤੋਂ ਕਰਦੇ ਰਹਿਣ ਦੀ ਆਗਿਆ ਦੇਣਾ ਇੱਕ ਬਹੁਤ ਵੱਡਾ ਜ਼ੋਖਮ ਹੈ। ਜ਼ੁਕਰਬਰਗ ਨੇ ਕਿਹਾ ਕਿ ਟਰੰਪ ਦਾ ਖਾਤਾ ਘੱਟੋ-ਘੱਟ ਅਗਲੇ ਦੋ ਹਫ਼ਤਿਆਂ ਲਈ ‘ਬੰਦ’ ਰਹੇਗਾ ਅਤੇ ਇਹ ਅਣਮਿੱਥੇ ਸਮੇਂ ਲਈ ਬੰਦ ਰਹਿ ਸਕਦਾ ਹੈ।