ਲਾਹੌਰ, 1 ਸਤੰਬਰ
ਇਥੇ ਦੋ ਨਾਬਾਲਗ ਲੜਕੀਆਂ ਨਾਲ ਬੀਤੀ ਰਾਤ ਸੱਤ ਜਣਿਆਂ ਵੱਲੋਂ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ ਗਿਆ। ਇਸ ਘਟਨਾ ਕਾਰਨ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਵਸਨੀਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸੇ ਦੌਰਾਨ ਵਿਰੋਧੀ ਸਿਆਸੀ ਧਿਰਾਂ ਨੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਘਟਨਾ ਸਬੰਧੀ ਦਰਜ ਕਰਵਾਏ ਪਰਚੇ ਅਨੁਸਾਰ ਦੋ ਚਚੇਰੀਆਂ ਭੈਣਾਂ ਸ਼ਾਹਦਰਾ ਸਥਿਤ ਆਪਣੇ ਘਰ ਤੋਂ ਰਿਕਸ਼ੇ ’ਤੇ ਬੈਠ ਕੇ ਫਜ਼ਲ ਪਾਰਕ ਇਲਾਕੇ ਵਿੱਚ ਜਾ ਰਹੀਆਂ ਸਨ ਜਿਥੋਂ ਉਨ੍ਹਾਂ ਨੇ ਆਪਣੇ ਕਲਾਇੰਟ ਤੋਂ ਸੀਣ ਵਾਸਤੇ ਕੱਪੜੇ ਲਿਆਉਣੇ ਸਨ। ਇਸੇ ਦੌਰਾਨ ਕੁਝ ਬਦਮਾਸ਼ਾਂ ਨੇ ਉਨ੍ਹਾਂ ਨੂੰ ਬੰਦੂਕ ਦਿਖਾ ਕੇ ਅਗਵਾ ਕਰ ਲਿਆ ਤੇ ਬੇਹੋਸ਼ ਕਰਨ ਮਗਰੋਂ ਨੇੜਲੇ ਫੈਕਟਰੀ ਇਲਾਕੇ ਵਿੱਚ ਪੂਰੀ ਰਾਤ ਉਨ੍ਹਾਂ ਨਾਲ ਜਬਰ-ਜਨਾਹ ਕੀਤਾ ਅਤੇ ਫ਼ਰਾਰ ਹੋ ਗਏ। ਪੁਲੀਸ ਨੇ ਦੋਹਾਂ ਲੜਕੀਆਂ ਦੇ ਬਿਆਨ ਦਰਜ ਕਰਨ ਮਗਰੋਂ ਸੱਤ ਜਣਿਆਂ ਨੂੰ ਜਬਰ-ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਵਿੱਚ ਫੈਕਟਰੀ ਦਾ ਮਾਲਕ ਵੀ ਸ਼ਾਮਲ ਹੈ। -ਏਜੰਸੀ