ਕਰਾਚੀ, 28 ਅਕਤੂਬਰ
ਇੱਥੇ ਦੂਰਸੰਚਾਰ ਕੰਪਨੀ ਦੇ ਦੋ ਮੁਲਾਜ਼ਮਾਂ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਇੱਕ ਮੀਡੀਆ ਰਿਪੋਰਟ ਮੁਤਾਬਕ ਇਹ ਘਟਨਾ ਕਰਾਚੀ ਦੀ ਮਛਾਰ ਕਲੋਨੀ ਦੀ ਹੈ। ਇਸ ਸਬੰਧੀ ਕੀਮਾਰੀ ਦੇ ਐੱਸਐੱਸਪੀ ਫੈਦਾ ਹੁਸੈਨ ਜਨਵਾਰੀ ਨੇ ਕਿਹਾ ਕਿ ਕੰਪਨੀ ਦੇ ਮੁਲਾਜ਼ਮ ਇਸ ਇਲਾਕੇ ਵਿੱਚ ਸਿਗਨਲ ਦੀ ਸਮਰੱਥਾ ਚੈੱਕ ਕਰਨ ਲਈ ਆਏ ਸਨ। ਇੱਕ ਟੀਵੀ ਚੈਨਲ ਦੀ ਰਿਪੋਰਟ ਅਨੁਸਾਰ ਇਲਾਕੇ ਵਿੱਚ ਕਿਸੇ ਨੇ ਅਫ਼ਵਾਹ ਉੱਡਾ ਦਿੱਤੀ ਕਿ ਉਹ ਦੋਵੇਂ ਜਣੇ ਇਲਾਕੇ ਵਿੱਚ ਬੱਚੇ ਅਗਵਾ ਕਰਨ ਆਏ ਹਨ। ਇਹ ਅਫ਼ਵਾਹ ਫੈਲਣ ਮਗਰੋਂ ਇਲਾਕਾ ਵਾਸੀ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਕੰਪਨੀ ਦੇ ਮੁਲਾਜ਼ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਅਤੇ ਉਹ ਦਮ ਤੋੜ ਗਏ।
ਘਟਨਾ ਮਗਰੋਂ ਭਾਵੇਂ ਪੁਲੀਸ ਪੁੱਜ ਗਈ ਸੀ ਪਰ ਪੁਲੀਸ ਮੁਲਾਜ਼ਮ ਦੋਵਾਂ ਨੂੰ ਭੀੜ ਤੋਂ ਨਾ ਬਚਾ ਸਕੇ। ਇਸ ਸਬੰਧੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। -ਆਈਏਐਨਐਸ