ਸਿੰਗਾਪੁਰ: ਭਾਰਤ ਤੋਂ ਹਾਲ ਹੀ ਵਿਚ ਸਿੰਗਾਪੁਰ ਆਏ ਦੋ ਵਿਅਕਤੀ ਓਮੀਕਰੋਨ ਦੇ ਇਕ ਸਰੂਪ ਨਾਲ ਪਾਜ਼ੇਟਿਵ ਪਾਏ ਗਏ ਹਨ। ਇੱਥੋਂ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਦੋਵੇਂ ਜਣੇ ਹਾਲ ਹੀ ਵਿਚ ਭਾਰਤ ਗਏ ਸਨ। ਪਾਜ਼ੇਟਿਵ ਹੋਣ ਬਾਰੇ ਪਤਾ ਲੱਗਣ ’ਤੇ ਉਨ੍ਹਾਂ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਸੀ। ਹੁਣ ਉਹ ਵਾਇਰਸ ਤੋਂ ਉੱਭਰ ਚੁੱਕੇ ਹਨ। ਓਮੀਕਰੋਨ ਦਾ ਸਰੂਪ ਬੀਏ.2.75 ਪਹਿਲਾਂ ਭਾਰਤ ਵਿਚ ਹੀ ਮਿਲਿਆ ਸੀ। ਇਸ ਤੋਂ ਬਾਅਦ ਇਹ ਸਰੂਪ ਕਰੀਬ ਦਸ ਦੇਸ਼ਾਂ ਵਿਚ ਮਿਲਿਆ। ਇਸ ਦੇ ਹਾਲੇ ਤੱਕ ਦੂਜੇ ਸਰੂਪਾਂ ਨਾਲੋਂ ਜ਼ਿਆਦਾ ਖ਼ਤਰਨਾਕ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਸਿੰਗਾਪੁਰ ਵਿਚ ਸ਼ਨਿਚਰਵਾਰ ਨੂੰ ਕਰੋਨਾ ਦੇ 9153 ਕੇਸ ਮਿਲੇ ਸਨ। ਇਨ੍ਹਾਂ ਵਿਚੋਂ 8691 ਸਥਾਨਕ ਤੇ 462 ਬਾਹਰਲੇ ਸਨ। -ਪੀਟੀਆਈ