ਨਵੀਂ ਦਿੱਲੀ, 14 ਜਨਵਰੀ
ਭਾਰਤੀ ਹਵਾਬਾਜ਼ੀ ਰੈਗੂਲੇਟਰ (ਡੀਜੀਸੀਏ) ਨੇ ਆਪਣੇ ਯੂਏਈ ਹਮਰੁਤਬਾ ਨੂੰ ਦੁਬਈ ਹਵਾਈ ਅੱਡੇ ’ਤੇ 9 ਜਨਵਰੀ ਨੂੰ ਭਾਰਤ ਜਾਣ ਵਾਲੇ ਅਮੀਰਾਤ ਦੇ ਦੋ ਯਾਤਰੀ ਹਵਾਈ ਜਹਾਜ਼ਾਂ ਦੀ ਨਜ਼ਦੀਕੀ ਟੱਕਰ ਦੀ ਜਾਂਚ ਦੀ ਰਿਪੋਰਟ ਸਾਂਝੀ ਕਰਨ ਲਈ ਕਿਹਾ ਹੈ। ਇਹ ਦੋਵੇਂ ਜਹਾਜ਼ ਹਵਾਈ ਅੱਡੇ ਤੋਂ ਟੇਕ-ਆਫ ਦੌਰਾਨ ਇਕ ਹੀ ਰਨਵੇਅ ’ਤੇ ਆ ਗਏ ਸਨ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਨੇ ਯੂਏਈ ਦੀ ਜਨਰਲ ਸਿਵਲ ਏਵੀਏਸ਼ਨ ਅਥਾਰਟੀ ਨੂੰ ਇਸ ਘਟਨਾ ਬਾਰੇ ਆਪਣੀ ਜਾਂਚ ਰਿਪੋਰਟ ਸਾਂਝੀ ਕਰਨ ਲਈ ਕਿਹਾ ਹੈ। ਡੀਜੀਸੀਏ ਦੇ ਮੁਖੀ ਅਰੁਣ ਕੁਮਾਰ ਨੇ ਦੱਸਿਆ ਕਿ ਦੁਬਈ-ਹੈਦਰਾਬਾਦ ਫਲਾਈਟ (ਈਕੇ-524) ਅਤੇ ਦੁਬਈ-ਬੈਂਗਲੁਰੂ ਫਲਾਈਟ (ਈਕੇ-568) ਇਕੋ ਰਨਵੇਅ ’ਤੇ ਆ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਈਕੇ-524 ਨੇ ਰਾਤ 9.45 ਵਜੇ ਰਵਾਨਾ ਹੋਣਾ ਸੀ ਜਦੋਂਕਿ ਈਕੇ-568 ਨੇ ਰਾਤ 9.50 ਵਜੇ ਉਡਾਣ ਭਰਨੀ ਸੀ। ਇਸ ਦੌਰਾਨ ਜਹਾਜ਼ਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕਿਸੇ ਦੇ ਕੋਈ ਸੱਟ ਲੱਗੀ ਹੈ।-ਪੀਟੀਆਈ