ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ ਦੇ ਭਾਰੀ ਸੁਰੱਖਿਆ ਵਾਲੇ ਗਰੀਨ ਜ਼ੋਨ ਅਤੇ ਨੇੜਲੇ ਇਲਾਕੇ ਵਿੱਚ ਅੱਜ ਸਵੇਰੇ ਰਾਕੇਟ ਡਿੱਗੇ, ਜਿਸ ਨਾਲ ਕੁਝ ਸਾਮਾਨ ਦਾ ਨੁਕਸਾਨ ਹੋਇਆ ਹੈ। ਇਰਾਕ ਦੇ ਸੁਰੱਖਿਆ ਬਲਾਂ ਨੇ ਦੱਸਿਆ ਕਿ ਇਸ ਇਲਾਕੇ ’ਚ ਅਮਰੀਕੀ ਸਫ਼ਾਰਤਖ਼ਾਨਾ ਵੀ ਹੈ। ਇਰਾਕੀ ਮੀਡੀਆ ਸੁਰੱਖਿਆ ਸੈੱਲ ਨੇ ਇੱਕ ਬਿਆਨ ’ਚ ਦੱਸਿਆ ਕਿ ਦੋ ਕਤਯੂਸ਼ਾ ਰਾਕੇਟ ਕੌਮੀ ਸੁੁਰੱਖਿਆ ਭਵਨ ਦੇ ਨੇੜੇ ਅਤੇ ਗਰੀਨ ਜ਼ੋਨ ਦੇ ਅੰਦਰ ਖੁੱਲ੍ਹੀ ਥਾਂ ’ਤੇ ਡਿੱਗੇ। ਤੀਜਾ ਰਾਕੇਟ ਨੇੜਲੇ ਰਿਹਾਇਸ਼ੀ ਇਲਾਕੇ ਵਿੱਚ ਡਿੱਗਿਆ, ਜਿਸ ਨਾਲ ਇੱਕ ਨਾਗਰਿਕ ਦਾ ਵਾਹਨ ਨੁਕਸਾਨਿਆ ਗਿਆ। ਅੱਜ ਤੜਕੇ ਹੋਏ ਹਮਲੇ ਤੋਂ ਪਹਿਲਾਂ ਪੱਛਮੀ ਇਰਾਕ ਅਤੇ ਸੀਰੀਆ ’ਚ ਹੱਦ ਨੇੜੇ ਅਮਰੀਕੀ ਫ਼ੌਜ ਦੇ ਅੱਡੇ ’ਤੇ ਵੱਖ-ਵੱਖ ਹਮਲੇ ਵੀ ਹੋਏ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਪੂਰਬੀ ਸੀਰੀਆ ’ਚ ਇੱਕ ਡਰੋਨ ਹਮਲੇ ਨੂੰ ਨਾਕਾਮ ਬਣਾ ਦਿੱਤਾ ਗਿਆ ਸੀ ਜਦਕਿ ਪੱਛਮੀ ਇਰਾਕ ਵਿੱਚ ਅਲ-ਅਸਦ ਏਅਰਬੇਸ ’ਤੇ 14 ਰਾਕੇਟ ਡਿੱਗਣ ਕਾਰਨ ਦੋ ਜਵਾਨ ਮਾਮੂਲੀ ਜ਼ਖ਼ਮੀ ਹੋ ਗਏ ਸਨ। -ਏਪੀ