ਦੁਬਈ, 22 ਜੂਨ
ਭਾਰਤ ਵਿੱਚ ਘੱਟਗਿਣਤੀ ਮੁਸਲਿਮ ਭਾਈਚਾਰੇ ਵਿੱਚ ਵਧਦੇ ਖ਼ੌਫ਼ ਦੇ ਮੱਦੇਨਜ਼ਰ ਆਰਗੇਨਾਈਜ਼ੇਸ਼ਨ ਆਫ਼ ਇਸਲਾਮਿਕ ਕਾਨਫਰੰਸ (ਓਆਈਸੀ) ਦੀ ਹਾਲੀਆ ਮੀਟਿੰਗ ਵਿੱਚ ਭਾਰਤ ਖਿਲਾਫ਼ ਸਾਂਝੀ ਕਾਰਵਾਈ ਲਈ ‘ਛੋਟੇ ਗੈਰਰਸਮੀ ਵਰਕਿੰਗ ਸਮੂਹ’ ਬਣਾਏ ਜਾਣ ਦੀ ਪਾਕਿਸਤਾਨ ਦੀ ਮੰਗ ਨੂੰ ਯੂਏਈ ਨੇ ਸਾਊਦੀ ਅਰਬ ਦੀ ਹਮਾਇਤ ਨਾਲ ਵੀਟੋ ਕਰ ਦਿੱਤਾ ਹੈ। ਯੂਏਈ ਨੇ ਪਾਕਿਸਤਾਨ ਦੀ ਇਸ ਮੰਗ ਨੂੰ ਖਾਰਜ ਕਰਦਿਆਂ ਕਿਹਾ ਕਿ ਕੋਈ ਵੀ ਨਵਾਂ ਵਰਕਿੰਗ ਸਮੂਹ ਓਆਈਸੀ ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਪ੍ਰਵਾਨਗੀ ਨਾਲ ਹੀ ਹੋਂਦ ਵਿੱਚ ਆ ਸਕਦਾ ਹੈ। ਉਧਰ ਮਾਲਦੀਵਜ਼ ਨੇ ਕਿਹਾ ਕਿ ਇਸਲਾਮੋਫੋਬੀਆ ਦੇ ਪ੍ਰਚਾਰ ਪਾਸਾਰ ਲਈ ਇਕੱਲੇ ਭਾਰਤ ਨੂੰ ਨਿਸ਼ਾਨਾ ਬਣਾਉਣਾ ਗੈਰਵਾਜਬ ਹੋਵੇਗਾ। ਇਸ ਦੌਰਾਨ ਭਾਰਤ ਨੇ ਪਾਕਿਸਤਾਨ ਦੀ ਇਸ ਪੇਸ਼ਕਦਮੀ ਨੂੰ ਡੱਕਣ ਲਈ ਕੂਟਨੀਤਕ ਯਤਨ ਤੇਜ਼ ਕਰ ਦਿੱਤੇ ਹਨ। ਸੂਤਰਾਂ ਮੁਤਾਬਕ ਪਾਕਿਸਤਾਨ ਨੂੰ ਇਸ ਮਾਮਲੇ ਵਿੱਚ ਤੁਰਕੀ ਦੀ ਪੂਰੀ ਹਮਾਇਤ ਸੀ। ਅਸਲ ਵਿੱਚ ਅੰਕਾਰਾ ਓਆਈਸੀ ਵਿੱਚ ਸਾਊਦੀ ਤੇ ਯੂਏਈ ਦੇ ਗਲਬੇ ਤੋਂ ਫਿਕਰਮੰਦ ਹੈ। ਸਾਊਦੀ ਅਰਬ ਤੇ ਯੂਏਈ ਨੇ ਮਾਲਦੀਵਜ਼ ਵੱਲੋਂ ਉਪਰੋਕਤ ਸਟੈਂਡ ਦੀ ਹਮਾਇਤ ਕੀਤੀ ਹੈ।
-ਏਜੰਸੀਆਂ