ਦੁਬਈ: ਯੂਏਈ ਵਿਚ ਇਕ 37 ਸਾਲਾ ਭਾਰਤੀ ਵਿਅਕਤੀ ਤੇ ਵੱਖ-ਵੱਖ ਮੁਲਕਾਂ ਦੇ ਉਸ ਦੇ ਨੌਂ ਸਾਥੀਆਂ ਦੀ 20 ਮਿਲੀਅਨ ਦਿਰਹਾਮ ਦੀ ਲਾਟਰੀ (ਜੈਕਪਾਟ) ਲੱਗੀ ਹੈ। ਭਾਰਤੀ ਕਰੰਸੀ ਵਿਚ ਇਸ ਦੀ ਕੀਮਤ 40 ਕਰੋੜ ਰੁਪਏ ਬਣਦੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਕੇਰਲਾ ਦੇ ਰਣਜੀਤ ਸੋਮਰਾਜਨ ਤੇ ਸਾਥੀਆਂ ਦਾ ਜੈਕਪਾਟ ਲੱਗਾ ਹੈ। ਰਣਜੀਤ ਆਬੂ ਧਾਬੀ ਵਿਚ ਡਰਾਈਵਰ ਹੈ। ਉਹ ਪਿਛਲੇ ਤਿੰਨ ਸਾਲਾਂ ਤੋਂ ਟਿਕਟਾਂ ਖ਼ਰੀਦ ਰਿਹਾ ਸੀ। ਸੋਮਰਾਜਨ ਨੇ ਦੱਸਿਆ ਕਿ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਜੈਕਪਾਟ ਲੱਗੇਗਾ, ਉਸ ਨੂੰ ਹਮੇਸ਼ਾ ਦੂਜੇ ਜਾਂ ਤੀਜੇ ਨੰਬਰ ’ਤੇ ਆਉਣ ਦੀ ਆਸ ਰਹਿੰਦੀ ਸੀ। ਦੂਜਾ ਇਨਾਮ ਤਿੰਨ ਤੇ ਤੀਜਾ ਇਕ ਮਿਲੀਅਨ ਦਿਰਹਾਮ ਦਾ ਹੈ। ਭਾਰਤੀ ਵਿਅਕਤੀ ਨੇ ਕਿਹਾ ਕਿ ਹੁਣ ਤੱਕ ਦਾ ਜ਼ਿੰਦਗੀ ਦਾ ਸਫ਼ਰ ਸੰਘਰਸ਼ ਵਾਲਾ ਹੀ ਰਿਹਾ ਤੇ ਉਹ ਚੰਗੀ ਤਨਖ਼ਾਹ ਵਾਲੀ ਨੌਕਰੀ ਤਲਾਸ਼ਦਾ ਰਿਹਾ। ਉਹ 2008 ਤੋਂ ਦੁਬਈ ਵਿਚ ਕੰਮ ਕਰ ਰਿਹਾ ਹੈ। -ਪੀਟੀਆਈ