ਕੰਪਾਲਾ: ਯੁਗਾਂਡਾ ਦੀ ਰਾਜਧਾਨੀ ਕੰਪਾਲਾ ’ਚ ਅੱਜ ਹੋਏ ਤਿੰਨ ਆਤਮਘਾਤੀ ਹਮਲਿਆਂ ’ਚ ਤਿੰਨ ਹਮਲਾਵਰਾਂ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ ਤੇ ਦਰਜਨਾਂ ਵਿਅਕਤੀ ਜ਼ਖ਼ਮੀ ਹੋ ਗਏ। ਇਹ ਹਮਲੇ ਸੰਸਦ ਭਵਨ ਨੇੜੇ ਤੇ ਹੋਰਨਾਂ ਥਾਵਾਂ ’ਤੇ ਹੋਏ ਹਨ। ਪੁਲੀਸ ਦੇ ਬੁਲਾਰੇ ਫਰੈਡ ਐਨਾਗਾ ਨੇ ਦੱਸਿਆ ਕਿ ਇਨ੍ਹਾਂ ਧਮਾਕਿਆਂ ’ਚ ਜ਼ਖ਼ਮੀ ਹੋਏ 33 ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ’ਚੋਂ ਪੰਜ ਦੀ ਹਾਲਤ ਗੰਭੀਰ ਹੈ। ਇਨ੍ਹਾਂ ਹਮਲਿਆਂ ਦੀ ਫਿਲਹਾਲ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਉਨ੍ਹਾਂ ਦੱਸਿਆ ਕਿ ਛੇ ਮ੍ਰਿਤਕਾਂ ’ਚ ਤਿੰਨ ਹਮਲਾਵਰ ਵੀ ਸ਼ਾਮਲ ਹਨ। ਚਸ਼ਮਦੀਦਾਂ ਨੇ ਕਿਹਾ ਕਿ ਇਨ੍ਹਾਂ ’ਚੋਂ ਇੱਕ ਧਮਾਕਾ ਇੱਕ ਥਾਣੇ ਨੇੜੇ ਹੋਇਆ ਤੇ ਦੂਜਾ ਧਮਾਕਾ ਸੰਸਦ ਭਵਨ ਨੇੜੇ ਸੜਕ ਕਿਨਾਰੇ ਹੋਇਆ। ਧਮਾਕੇ ਕਾਰਨ ਉਥੇ ਖੜ੍ਹੇ ਵਾਹਨਾਂ ’ਚ ਅੱਗ ਲੱਗ ਗਈ। ਦੂਜੀ ਘਟਨਾ ਵਾਲੀ ਥਾਂ ਨੇੜੇ ਮੌਜੂਦ ਇੱਕ ਚਸ਼ਮਦੀਦ ਵੱਲੋਂ ਆਨਲਾਈਨ ਪਾਈ ਵੀਡੀਓ ’ਚ ਥਾਣੇ ਨੇੜਿਓਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ। -ਰਾਇਟਰਜ਼