ਲੰਡਨ, 26 ਜੂਨ
ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਚ ਤਾਮਿਲਨਾਡੂ ਨਾਲ ਸਬੰਧਤ ਇਕ 25 ਸਾਲਾ ਵਿਦਿਆਰਥੀ ਨਹਿਰ ‘ਚੋਂ ਮ੍ਰਿਤਕ ਮਿਲਿਆ ਹੈ। ਪੁਲੀਸ ਮੁਤਾਬਕ ਪੋਸਟਗ੍ਰੈਜੂਏਟ ਡਿਗਰੀ ਕਰ ਰਹੇ ਜੀਵੰਤ ਸਿਵਕੁਮਾਰ ਨੂੰ ਨਹਿਰ ਵਿਚੋਂ ਮ੍ਰਿਤਕ ਹਾਲਤ ‘ਚ ਕੱਢਿਆ ਗਿਆ। ਉਹ ਬਰਮਿੰਘਮ ਦੀ ਐਸਟਨ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਵੈਸਟ ਮਿਡਲੈਂਡਜ਼ ਪੁਲੀਸ ਨੂੰ ਉਹ ਵਰਸੈਸਟਰ ਤੇ ਬਰਮਿੰਘਮ ਨਹਿਰ ਵਿਚੋਂ ਬੁੱਧਵਾਰ ਸਵੇਰੇ ਲੱਭਿਆ ਸੀ। ਪੁਲੀਸ ਮੁਤਾਬਕ ਉਸ ਦੀ ਮੌਤ ਨੂੰ ਫਿਲਹਾਲ ਸ਼ੱਕ ਦੇ ਘੇਰੇ ਵਿਚ ਨਹੀਂ ਰੱਖਿਆ ਜਾ ਰਿਹਾ। ਐਸਟਨ ਯੂਨੀਵਰਸਿਟੀ ਦੀ ‘ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ’ ਸਿਵਕੁਮਾਰ ਦੀ ਦੇਹ ਨੂੰ ਕੋਇੰਬਟੂਰ ਸਥਿਤ ਉਸ ਦੇ ਘਰ ਭੇਜਣ ਲਈ ਯਤਨ ਕਰ ਰਹੀ ਹੈ। ਐਸਟਨ ਯੂਨੀਵਰਸਿਟੀ ਜੀਵੰਤ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਵਿਚ ਸਹਿਯੋਗ ਕਰ ਰਹੀ ਹੈ ਤੇ ਉਨ੍ਹਾਂ ਮੌਤ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੂਤਾਵਾਸ ਤੇ ਸਥਾਨਕ ਅਥਾਰਿਟੀ ਦੇ ਸਹਿਯੋਗ ਨਾਲ ਦੇਹ ਨੂੰ ਪਰਿਵਾਰ ਕੋਲ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ। -ਪੀਟੀਆਈ