ਲੰਡਨ, 21 ਅਗਸਤ
ਬਰਤਾਨੀਆ ਵਿਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੀ ਚੋਣ ਵਿਚ ਮਹਿਜ਼ ਦੋ ਹਫ਼ਤੇ ਰਹਿ ਗਏ ਹਨ। ਇਸੇ ਦੌਰਾਨ ਅਹੁਦੇ ਦੀ ਦੌੜ ’ਚ ਬਣੇ ਭਾਰਤੀ ਮੂਲ ਦੇ ਰਿਸ਼ੀ ਸੂਨਕ ਦੀ ਟੀਮ ਨੇ ਇਕ ਨਵਾਂ ਪ੍ਰਚਾਰ ਵੀਡੀਓ ਲਾਂਚ ਕੀਤਾ ਹੈ। ਜ਼ਿਕਰਯੋਗ ਹੈ ਕਿ ਅਹੁਦੇ ਦੀ ਇਕ ਹੋਰ ਦਾਅਵੇਦਾਰ ਲਿਜ਼ ਟਰੱਸ ਨੂੰ ਸੂਨਕ ’ਤੇ ਲੀਡ ਮਿਲੀ ਹੋਈ ਹੈ। ਵੀਡੀਓ ਵਿਚ ਸੂਨਕ ਖ਼ੁਦ ਨੂੰ ‘ਅੰਡਰਡਾਗ’ ਦੱਸਦਿਆਂ ਸਿਆਸੀ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੀਡੀਓ ਮਾਨਚੈਸਟਰ ਵਿਚ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਦਾ ਆਗੂ ਹੀ 5 ਸਤੰਬਰ ਨੂੰ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣੇਗਾ। ਸੂਨਕ ਵੀਡੀਓ ਵਿਚ ਕਈ ਸਮਾਗਮਾਂ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਖ਼ਰੀ ਦਿਨ ਤੱਕ ਇਕ-ਇਕ ਵੋਟ ਲਈ ਲੜਨਗੇ। ਬੋਰਿਸ ਜੌਹਨਸਨ ਦੀ ਥਾਂ ਲੈਣ ਲਈ ਪਿਛਲੇ 30 ਦਿਨਾਂ ਵਿਚ ਸੂਨਕ 16 ਹਜ਼ਾਰ ਪਾਰਟੀ ਮੈਂਬਰਾਂ ਨਾਲ ਸੰਪਰਕ ਕਰਨ ਲਈ 100 ਪ੍ਰੋਗਰਾਮ ਕਰ ਚੁੱਕੇ ਹਨ। ਵੀਡੀਓ ਵਿਚ ਸੁਣਾਈ ਦੇ ਰਿਹਾ ਹੈ, ‘ਉਹ ਕਹਿੰਦੇ ਹਨ ਕਿ ਅੰਡਰਡਾਗ ਤੋਂ ਸਾਵਧਾਨ ਹੋ ਜਾਓ ਕਿਉਂਕਿ ਉਸ ਕੋਲ ਗੁਆਉਣ ਲਈ ਕੁਝ ਨਹੀਂ ਹੁੰਦਾ। ਉਹ ਹਰ ਇੰਚ ਲਈ ਲੜਦਾ ਹੈ ਤੇ ਸਖ਼ਤ ਮਿਹਨਤ ਕਰਦਾ ਹੈ। ਅੰਡਰਡਾਗ ਕਦੇ ਮੈਦਾਨ ਨਹੀਂ ਛੱਡਦਾ।’ ਹਾਲ ਹੀ ਦੇ ਸਰਵੇਖਣਾਂ ਅਨੁਸਾਰ ਟਰੱਸ ਦੀ ਜਿੱਤ ਦੀ ਸੰਭਾਵਨਾ ਹੈ। -ਪੀਟੀਆਈ