ਲੰਡਨ, 25 ਦਸੰਬਰ
ਸਮਾਜਿਕ ਸੰਭਾਲ ਖੇਤਰ ਵਿਚ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਯੂਕੇ ਨੇ ਵਿਦੇਸ਼ੀ ਸੋਸ਼ਲ ਕੇਅਰ ਵਰਕਰਾਂ, ਸੰਭਾਲ ਸਹਾਇਕਾਂ ਤੇ ਗ੍ਰਹਿ ਸੰਭਾਲ ਵਰਕਰਾਂ ਲਈ ਵੀਜ਼ਾ ਨਿਯਮਾਂ ਵਿਚ ਢਿੱਲ ਦੇ ਦਿੱਤੀ ਹੈ। ਭਾਰਤ ਤੋਂ ਆਉਣ ਵਾਲੇ ਵਰਕਰ ਵੀ ਛੋਟ ਦੇ ਘੇਰੇ ਵਿਚ ਹਨ। ਯੂਕੇ ਇਸ ਖੇਤਰ ਵਿਚ ਵਰਕਰਾਂ ਦੀ ਕਮੀ ਨੂੰ ਪੂਰਨ ਲਈ 12 ਮਹੀਨਿਆਂ ਦਾ ਆਰਜ਼ੀ ‘ਹੈਲਥ ਐਂਡ ਕੇਅਰ ਵੀਜ਼ਾ’ ਦੇਵੇਗਾ।
ਯੂਕੇ ਸਰਕਾਰ ਨੇ ਅੱਜ ਕਿਹਾ ਕਿ ਹਜ਼ਾਰਾਂ ਵਾਧੂ ਸਾਂਭ-ਸੰਭਾਲ ਵਰਕਰਾਂ ਨੂੰ ਸੱਦਿਆ ਜਾਵੇਗਾ ਤਾਂ ਕਿ ਬਾਲਗ ਸਮਾਜਿਕ ਸੰਭਾਲ ਸੈਕਟਰ ਵਿਚ ਕਾਮਿਆਂ ਦੀ ਗਿਣਤੀ ਵੱਧ ਸਕੇ। ਇਸ ਵੀਜ਼ਾ ਸਕੀਮ ਵਿਚ ਆਰਜ਼ੀ ਬਦਲਾਅ ਕੀਤੇ ਗਏ ਹਨ। ਇਨ੍ਹਾਂ ਨਵੇਂ ਨੇਮਾਂ ਨਾਲ ਸਮਾਜਿਕ ਸੰਭਾਲ ਖੇਤਰ ਵਿਚ ਰੁਜ਼ਗਾਰ ਦੇਣ ਵਾਲਿਆਂ ਨੂੰ ਯੋਗ ਵਰਕਰਾਂ ਨੂੰ ਰੱਖਣ ਵਿਚ ਆਸਾਨੀ ਹੋਵੇਗੀ। ਇਸ ਤੋਂ ਇਲਾਵਾ ਖੱਪਾ ਪੂਰਨ ਲਈ ਤੇਜ਼ੀ ਨਾਲ ਤੇ ਕਿਫ਼ਾਇਤੀ ਢੰਗ ਨਾਲ ਭਰਤੀ ਹੋ ਸਕੇਗੀ। ਦੱਸਣਯੋਗ ਹੈ ਕਿ ਇਹ ਵਰਕਰ ਸਰਕਾਰੀ ਸਹਾਇਤਾ ਪ੍ਰਾਪਤ ਕੇਅਰ ਹੋਮਜ਼ ਵਿਚ ਕੰਮ ਕਰਦੇ ਹਨ ਤੇ ਬਜ਼ੁਰਗਾਂ ਅਤੇ ਅੰਗਹੀਣਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਸੰਭਾਲਦੇ ਹਨ। ਯੂਕੇ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਸਾਂਭ-ਸੰਭਾਲ ਖੇਤਰ ਮਹਾਮਾਰੀ ਕਾਰਨ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਨਿਯਮਾਂ ਵਿਚ ਫੇਰਬਦਲ ਨਾਲ ਕਾਮਿਆਂ ਦੀ ਘਾਟ ਮੁੱਕੇਗੀ ਤੇ ਵਰਤਮਾਨ ਵਿਚ ਬਣਿਆ ਦਬਾਅ ਵੀ ਘਟੇਗਾ। ਉਨ੍ਹਾਂ ਕਿਹਾ ਕਿ ਯੂਕੇ ਸਰਕਾਰ ਐਨਐੱਚਐੱਸ ਦੀ ਸਹਾਇਤਾ ਲਈ ਵਚਨਬੱਧ ਹੈ। -ਪੀਟੀਆਈ