ਲਵੀਵ, 22 ਮਾਰਚ
ਯੂਕਰੇਨ ਦੀ ਫ਼ੌਜ ਨੇ ਰਾਜਧਾਨੀ ਕੀਵ ਦਾ ਇਕ ਅਹਿਮ ਉਪਨਗਰ ਰੂਸ ਦੇ ਕਬਜ਼ੇ ਵਿਚੋਂ ਛੁਡਾ ਲਿਆ ਹੈ। ਦੂਜੇ ਪਾਸੇ ਰੂਸ ਰਣਨੀਤਕ ਤੌਰ ’ਤੇ ਮਹੱਤਵਪੂਰਨ ਮਾਰਿਉਪੋਲ ਸ਼ਹਿਰ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ। ਸ਼ਹਿਰ ਛੱਡ ਕੇ ਭੱਜ ਰਹੇ ਨਾਗਰਿਕ ਉੱਥੇ ਹੋ ਰਹੀ ਬੰਬਾਰੀ ਤੇ ਸੜਕਾਂ ’ਤੇ ਪਈਆਂ ਲਾਸ਼ਾਂ ਦੀਆਂ ਕਹਾਣੀਆਂ ਦੱਸ ਰਹੇ ਹਨ। ਯੂਕਰੇਨ ਨੇ ਇਕ ਦਿਨ ਪਹਿਲਾਂ ਮਾਰਿਉਪੋਲ ਵਿਚ ਹਥਿਆਰ ਸੁੱਟਣ ਦੀ ਰੂਸ ਦੀ ਮੰਗ ਠੁਕਰਾ ਦਿੱਤੀ ਸੀ। ਮੰਗਲਵਾਰ ਸੁਵੱਖਤੇ ਯੂਕਰੇਨੀ ਫ਼ੌਜ ਨੇ ਰੂਸ ਦੀ ਸੈਨਾ ਨੂੰ ਕੀਵ ਦੇ ਉਪਨਗਰ ਮਕਰੀਵ ਵਿਚੋਂ ਨਿਕਲਣ ਲਈ ਮਜਬੂਰ ਕਰ ਦਿੱਤਾ। ਹਾਲਾਂਕਿ ਰੂਸੀ ਫ਼ੌਜ ਹੋਰਨਾਂ ਉਪਨਗਰਾਂ ਇਰਪਿਨ, ਬੁਕਾ ਤੇ ਹੋਸਟੋਮੇਲ ਵੱਲ ਵੱਧ ਰਹੀ ਹੈ। ਰੂਸ ਵੱਲੋਂ ਜ਼ਿਆਦਾਤਰ ਹਵਾਈ ਹਮਲੇ ਤੇ ਬੰਬਾਰੀ ਕੀਤੀ ਜਾ ਰਹੀ ਹੈ। ਹਮਲੇ ਤੋਂ ਬਾਅਦ ਹੁਣ ਤੱਕ 35 ਲੱਖ ਲੋਕ ਯੂਕਰੇਨ ਛੱਡ ਹੋਰਨਾਂ ਦੇਸ਼ਾਂ ਵਿਚ ਸ਼ਰਨ ਮੰਗ ਚੁੱਕੇ ਹਨ। ਸੰਯੁਕਤ ਰਾਸ਼ਟਰ ਮੁਤਾਬਕ 900 ਨਾਗਰਿਕਾਂ ਦੀ ਮੌਤ ਹੋਈ ਹੈ ਪਰ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਆਪਣੀ ਫ਼ੌਜ ਦੀ ਸ਼ਲਾਘਾ ਕੀਤੀ ਹੈ ਤੇ ਕਿਹਾ ਹੈ ਕਿ ਕੀਵ ਭਵਿੱਖ ਵਿਚ ਕਰੀਮੀਆ ਦੇ ਦਰਜੇ ਬਾਰੇ ਵੀ ਗੱਲਬਾਤ ਲਈ ਤਿਆਰ ਹੈ। ਜ਼ੇਲੈਂਸਕੀ ਦੇ ਜਲਦੀ ਹੀ ਜਾਪਾਨ ਦੀ ਸੰਸਦ ਨੂੰ ਵੀ ਸੰਬੋਧਨ ਕਰਨ ਦੇ ਆਸਾਰ ਹਨ। ਜ਼ੇਲੈਂਸਕੀ ਨੇ ਨਾਲ ਹੀ ਕਿਹਾ ਕਿ ਉਹ ਯੂਕਰੇਨ ਵੱਲੋਂ ਨਾਟੋ ਮੈਂਬਰਸ਼ਿਪ ਨਾ ਮੰਗਣ ਬਾਰੇ ਗੱਲਬਾਤ ਲਈ ਤਿਆਰ ਹਨ ਪਰ ਰੂਸ ਨੂੰ ਗੋਲੀਬੰਦੀ ਕਰਨੀ ਪਏਗੀ, ਤੇ ਨਾਲ ਹੀ ਰੂਸੀ ਫ਼ੌਜ ਨੂੰ ਯੂਕਰੇਨ ਵਿਚੋਂ ਜਾਣਾ ਪਵੇਗਾ। ਉਨ੍ਹਾਂ ਮੁੜ ਪੂਤਿਨ ਨਾਲ ਸਿੱਧੀ ਗੱਲਬਾਤ ਦੀ ਅਪੀਲ ਵੀ ਕੀਤੀ। -ਏਪੀ/ਰਾਇਟਰਜ਼
ਯੂਕਰੇਨ ਬਾਰੇ ਸੰਯੁਕਤ ਰਾਸ਼ਟਰ ਦਾ ਵਿਸ਼ੇਸ਼ ਇਜਲਾਸ ਅੱਜ ਤੋਂ
ਸੰਯੁਕਤ ਰਾਸ਼ਟਰ: ਯੂਕਰੇਨ ਬਾਰੇ ਸੰਯੁਕਤ ਰਾਸ਼ਟਰ ਮਹਾਸਭਾ ਦਾ ਹੰਗਾਮੀ ਵਿਸ਼ੇਸ਼ ਇਜਲਾਸ ਭਲਕੇ ਮੁੜ ਜੁੜੇਗਾ। ਫਰਾਂਸ, ਯੂਕੇ ਤੇ ਅਮਰੀਕਾ ਨੇ ਮੀਟਿੰਗ ਰੱਖਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਯੂਕਰੇਨ ਮੁੱਦੇ ਉਤੇ 28 ਫਰਵਰੀ ਨੂੰ ਸੈਸ਼ਨ ਸੱਦਿਆ ਗਿਆ ਸੀ। ਪਹਿਲੇ ਸੈਸ਼ਨ ਵਿਚ ਸਾਰੇ ਮੈਂਬਰ ਮੁਲਕਾਂ ਨੇ ਯੂਕਰੇਨ ਦੀ ਖ਼ੁਦਮੁਖਤਿਆਰੀ ਤੇ ਅਖੰਡਤਾ ਪ੍ਰਤੀ ਵਚਨਬੱਧਤਾ ਜ਼ਾਹਿਰ ਕੀਤੀ ਸੀ। ਇਸ ਮੌਕੇ ਪੇਸ਼ ਕੀਤੇ ਗਏ ਮਤੇ ਉਤੇ ਭਾਰਤ ਨੇ 34 ਹੋਰ ਮੁਲਕਾਂ ਨਾਲ ਵੋਟ ਪਾਉਣ ਤੋਂ ਕਿਨਾਰਾ ਕੀਤਾ ਸੀ। ਮਤੇ ਵਿਚ ਯੂਕਰੇਨ ਤੇ ਰੂਸ ਦੇ ਮਸਲੇ ਨੂੰ ਗੱਲਬਾਤ ਰਾਹੀਂ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਦੀ ਅਪੀਲ ਕੀਤੀ ਗਈ ਸੀ।