ਕੀਵ, 28 ਅਗਸਤ
ਰੂਸ ਨੇ ਯੂਰੋਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ ਤੋਂ ਰਾਕੇਟ ਦਾਗ਼ ਕੇ ਯੂਕਰੇਨ ਦੇ ਡਨੀਪਰ ਦਰਿਆ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਨਿਸ਼ਾਨਾ ਬਣਾਇਆ ਹੈ। ਰੂਸ ਵੱਲੋਂ ਪਲਾਂਟ ਤੋਂ ਹੋਰ ਹਥਿਆਰਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਯੂਕਰੇਨ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਪਲਾਂਟ ਨੇੜੇ ਹੋ ਰਹੇ ਇਸ ਟਕਰਾਅ ਕਾਰਨ ਰੇਡੀਏਸ਼ਨ ਦਾ ਖ਼ਤਰਾ ਹੈ। ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਪਰਮਾਣੂ ਪਲਾਂਟ ਨੇੜੇ ਰਹਿੰਦੇ ਲੋਕਾਂ ਨੂੰ ਆਇਓਡੀਨ ਦੀਆਂ ਗੋਲੀਆਂ ਦੇਣੀਆਂ ਆਰੰਭ ਦਿੱਤੀਆਂ ਸਨ ਤਾਂ ਕਿ ਰੇਡੀਏਸ਼ਨ ਤੋਂ ਬਚਾਅ ਹੋ ਸਕੇ। ਪਲਾਂਟ ਦੇ ਰਿਐਕਟਰਾਂ ਦੇ ਕੂਲਿੰਗ ਸਿਸਟਮ ਬਾਰੇ ਜ਼ਿਆਦਾ ਫ਼ਿਕਰ ਜ਼ਾਹਿਰ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਚਲਾਉਣ ਲਈ ਬਿਜਲੀ ਚਾਹੀਦੀ ਹੈ ਜੋ ਕਿ ਟਰਾਂਸਮਿਸ਼ਨ ਲਾਈਨ ਖਰਾਬ ਹੋਣ ਕਾਰਨ ਬੰਦ ਹੈ। ਕੂਲਿੰਗ ਸਿਸਟਮ ਨਾ ਚੱਲਣ ਕਾਰਨ ‘ਨਿਊਕਲੀਅਰ ਮੈਲਟਡਾਊਨ’ ਦਾ ਖ਼ਤਰਾ ਹੈ। ਰੂਸੀ ਬਲਾਂ ਨੇ ਜੰਗ ਲੱਗਣ ਦੇ ਕੁਝ ਸਮੇਂ ਬਾਅਦ ਹੀ ਜ਼ੈਪੋਰੀਜ਼ਜ਼ੀਆ ਪਰਮਾਣੂ ਪਲਾਂਟ ਉਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਨਦੀ ਦੇ ਖੱਬੇ ਕੰਢੇ ਨੂੰ ਵੀ ਕਬਜ਼ੇ ਵਿਚ ਲੈ ਲਿਆ ਸੀ ਜਦਕਿ ਸੱਜਾ ਕੰਢਾ, ਜਿਸ ਦੇ ਨੇੜੇ ਦੋ ਸ਼ਹਿਰ ਵੀ ਹਨ, ਉਤੇ ਯੂਕਰੇਨ ਕਾਬਜ਼ ਹੈ। ਇਹ ਸ਼ਹਿਰ ਪਲਾਂਟ ਤੋਂ ਮਹਿਜ਼ ਦਸ ਕਿਲੋਮੀਟਰ ਦੂਰ ਹਨ। ਬੰਬਾਰੀ ਕਾਰਨ ਨਿਕੋਪੋਲ ’ਚ ਬਿਜਲੀ ਬੰਦ ਹੋ ਗਈ ਹੈ। ਰਾਕੇਟ ਹਮਲੇ ਕਾਰਨ ਰਿਹਾਇਸ਼ੀ ਖੇਤਰਾਂ ’ਚ ਵੀ ਨੁਕਸਾਨ ਹੋਇਆ। ਹਮਲੇ ਵਿਚ ਦੋ ਜਣੇ ਜ਼ਖ਼ਮੀ ਵੀ ਹੋਏ ਹਨ। ਪੂਰਬੀ ਯੂਕਰੇਨ ’ਚ ਰੂਸੀ ਬਲ ਤੇ ਵੱਖਵਾਦੀ ਤਾਕਤਾਂ ਕਬਜ਼ਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਸਲੋਵਿਆਂਸਕ ਤੇ ਇਕ ਹੋਰ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਹੈ। -ਏਪੀ