ਕੀਵ, 22 ਮਈ
ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜ ਡੂਡਾ ਨੇ ਕਿਹਾ ਹੈ ਕਿ ਸਿਰਫ਼ ਯੂਕਰੇਨ ਕੋਲ ਹੀ ਆਪਣਾ ਭਵਿੱਖ ਤੈਅ ਕਰਨ ਦਾ ਅਧਿਕਾਰ ਹੈ। ਇਥੇ ਅਚਾਨਕ ਪਹੁੰਚੇ ਪੋਲੈਂਡ ਦੇ ਰਾਸ਼ਟਰਪਤੀ ਨੇ ਯੂਕਰੇਨੀ ਸੰਸਦ ਨੂੰ ਸੰਬੋਧਨ ਕੀਤਾ। ਉਹ ਪਹਿਲੇ ਵਿਦੇਸ਼ੀ ਆਗੂ ਬਣ ਗਏ ਹਨ ਜਿਨ੍ਹਾਂ 24 ਫਰਵਰੀ ਨੂੰ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਮਗਰੋਂ ਸੰਸਦ ਨੂੰ ਸੰਬੋਧਨ ਕੀਤਾ ਹੈ। ਯੂਕਰੇਨ ਨੇ ਗੋਲੀਬੰਦੀ ਅਤੇ ਸ਼ਾਂਤੀ ਸਮਝੌਤੇ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਰੂਸੀ ਫ਼ੌਜ ਪਹਿਲਾਂ ਯੂਕਰੇਨ ’ਚੋਂ ਵਾਪਸ ਜਾਵੇ ਤਾਂ ਹੀ ਗੱਲਬਾਤ ਦਾ ਕੋਈ ਰਾਹ ਖੁੱਲ੍ਹ ਸਕਦਾ ਹੈ। ਡੂਡਾ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਰੂਸ ਆਪਣੀ ਫ਼ੌਜ ਨੂੰ ਯੂਕਰੇਨ ’ਚੋਂ ਪੂਰੀ ਤਰ੍ਹਾਂ ਕੱਢੇ। ਉਨ੍ਹਾਂ ਕਿਹਾ ਕਿ ਜੇਕਰ ਯੂਕਰੇਨ ਆਰਥਿਕ ਜਾਂ ਸਿਆਸੀ ਖਾਹਿਸ਼ਾਂ ਕਾਰਨ ਝੁਕਿਆ ਤਾਂ ਇਸ ਨਾਲ ਨਾ ਸਿਰਫ਼ ਯੂਕਰੇਨ ਸਗੋਂ ਪੱਛਮੀ ਮੁਲਕਾਂ ਲਈ ਵੀ ਵੱਡਾ ਝਟਕਾ ਹੋਵੇਗਾ। ਡੂਡਾ ਨੇ ਕਿਹਾ ਕਿ ਜਦੋਂ ਤੱਕ ਯੂਕਰੇਨ ਯੂਰੋਪੀਅਨ ਯੂਨੀਅਨ ਦਾ ਮੈਂਬਰ ਨਹੀਂ ਬਣ ਜਾਂਦਾ, ਉਹ ਆਰਾਮ ਨਾਲ ਨਹੀਂ ਬੈਠਣਗੇ। ਯੂਕਰੇਨ ’ਚ ਜੰਗ ਸ਼ੁਰੂ ਹੋਣ ਤੋਂ ਬਾਅਦ ਪੋਲੈਂਡ ’ਚ ਲੱਖਾਂ ਸ਼ਰਨਾਰਥੀ ਪਹੁੰਚੇ ਹਨ। ਪੋਲੈਂਡ ਯੂਰੋਪੀਅਨ ਯੂਨੀਅਨ ’ਚ ਸ਼ਾਮਲ ਹੋਣ ਦੀ ਯੂਕਰੇਨ ਦੀ ਇੱਛਾ ਦਾ ਵੱਡਾ ਸਮਰਥਕ ਹੈ। ਰੂਸ ਵੱਲੋਂ ਬੰਦਰਗਾਹਾਂ ਨੂੰ ਬੰਦ ਕਰਨ ਨਾਲ ਯੂਕਰੇਨ ’ਚ ਪੱਛਮੀ ਮੁਲਕਾਂ ਵੱਲੋਂ ਮਾਨਵੀ ਸਹਾਇਤਾ ਅਤੇ ਹਥਿਆਰ ਪੋਲੈਂਡ ਰਾਹੀਂ ਭੇਜੇ ਜਾ ਰਹੇ ਹਨ। ਉਧਰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਜੰਗ ਨਾਲ ਇਹ ਤੈਅ ਹੋ ਜਾਵੇਗਾ ਕਿ ਮੁਲਕ ਦਾ ਭਵਿੱਖ ਪੱਛਮ ਨਾਲ ਹੈ ਜਾਂ ਮਾਸਕੋ ਦੀ ਅਧੀਨਗੀ ਸਵੀਕਾਰ ਕਰਨੀ ਪਵੇਗੀ। ਉਨ੍ਹਾਂ ਡੋਨਬਾਸ ’ਚ ਹਾਲਾਤ ਮੁਸ਼ਕਲ ਵਾਲੇ ਕਰਾਰ ਦਿੱਤੇ ਹਨ। ਉਂਜ ਉਨ੍ਹਾਂ ਕਿਹਾ ਕਿ ਯੂਕਰੇਨੀ ਫ਼ੌਜੀਆਂ ਵੱਲੋਂ ਰੂਸ ਦੇ ਹਮਲਿਆਂ ਦਾ ਡਟ ਕੇ ਸਾਹਮਣਾ ਕੀਤਾ ਜਾ ਰਿਹਾ ਹੈ ਅਤੇ ਉਹ ਜਿੱਤ ਲਈ ਲੜ ਰਹੇ ਹਨ।
ਰੂਸ ਨੇ ਮਾਰੀਓਪੋਲ ਦੇ ਸਟੀਲ ਪਲਾਂਟ ਤੋਂ ਕਰੀਬ 2500 ਯੂਕਰੇਨੀ ਫ਼ੌਜੀਆਂ ਨੂੰ ਕੈਦੀ ਬਣਾਏ ਜਾਣ ਦਾ ਦਾਅਵਾ ਕੀਤਾ ਹੈ ਅਤੇ ਉਨ੍ਹਾਂ ਖ਼ਿਲਾਫ਼ ਜੰਗੀ ਅਪਰਾਧ ਦੇ ਮੁਕੱਦਮੇ ਚਲਾਉਣ ਦਾ ਅਹਿਦ ਲਿਆ ਹੈ। ਇਨ੍ਹਾਂ ਫ਼ੌਜੀਆਂ ਦੇ ਭਵਿੱਖ ’ਤੇ ਤਲਵਾਰ ਲਟਕੀ ਹੋਈ ਹੈ। -ਏਪੀ