ਸੰਯੁਕਤ ਰਾਸ਼ਟਰ, 15 ਜੂਨ
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਦੇ ਤਰਜਮਾਨ ਨੇ ਪੈਗ਼ੰਬਰ ਮੁਹੰਮਦ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀਆਂ ਤੋਂ ਬਾਅਦ ਭਾਰਤ ਵਿਚ ਜਾਰੀ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਹਰ ਤਰ੍ਹਾਂ ਦੀ ਹਿੰਸਾ ਰੋਕਣ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਮੁਖੀ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਇਕ ਮੀਡੀਆ ਸੰਮੇਲਨ ਵਿਚ ਕਿਹਾ ਕਿ ਗੁਟੇਰੇਜ਼ ਨੇ ਧਰਮ ਦੇ ਸੰਪੂਰਨ ਸਨਮਾਨ ਦੀ ਗੱਲ ਕੀਤੀ ਹੈ। ਪੈਗ਼ੰਬਰ ਮੁਹੰਮਦ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀਆਂ ਤੋਂ ਬਾਅਦ ਭਾਰਤ ਵਿਚ ਹੋਈ ਹਿੰਸਾ ਬਾਰੇ ਸੰਯੁਕਤ ਰਾਸ਼ਟਰ ਦੇ ਰੁਖ਼ ਬਾਰੇ ਪੁੱਛੇ ਜਾਣ ’ਤੇ ਦੁਜਾਰਿਕ ਨੇ ਕਿਹਾ, ‘ਸਾਡਾ ਰੁਖ਼ ਧਰਮ ਦੇ ਸੰਪੂਰਨ ਆਦਰ ਦੀ ਗੱਲ ਕਰਦਾ ਹੈ, ਇਹ ਕਿਸੇ ਵੀ ਤਰ੍ਹਾਂ ਦੇ ਨਫ਼ਰਤੀ ਭਾਸ਼ਣ ਤੇ ਭੜਕਾਊ ਬਿਆਨਬਾਜ਼ੀ ਦੇ ਖ਼ਿਲਾਫ਼ ਹੈ, ਕਿਸੇ ਵੀ ਤਰ੍ਹਾਂ ਦੀ ਹਿੰਸਾ, ਖਾਸ ਕਰ ਕੇ ਧਾਰਮਿਕ ਵਖ਼ਰੇਵਿਆਂ ਅਤੇ ਨਫ਼ਰਤ ਉਤੇ ਆਧਾਰਿਤ ਹਿੰਸਾ ਨੂੰ ਰੋਕਣ ਦਾ ਪੱਖ ਪੂਰਦਾ ਹੈ।’ ਜ਼ਿਕਰਯੋਗ ਹੈ ਕਿ ਭਾਜਪਾ ਨੇ ਪੈਗ਼ੰਬਰ ਮੁਹੰਮਦ ਬਾਰੇ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਲਈ 5 ਜੂਨ ਨੂੰ ਆਪਣੀ ਕੌਮੀ ਤਰਜਮਾਨ ਨੂਪੁਰ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਦੇ ਨਾਲ ਹੀ ਦਿੱਲੀ ਭਾਜਪਾ ਦੀ ਮੀਡੀਆ ਇਕਾਈ ਦੇ ਮੁਖੀ ਨਵੀਨ ਕੁਮਾਰ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ। ਇਨ੍ਹਾਂ ਟਿੱਪਣੀਆਂ ਖ਼ਿਲਾਫ਼ ਮੁਸਲਿਮ ਸੰਗਠਨਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਭਾਜਪਾ ਨੇ ਬਿਆਨ ਜਾਰੀ ਕਰ ਕੇ ਘੱਟਗਿਣਤੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦਾ ਯਤਨ ਵੀ ਕੀਤਾ ਹੈ ਤੇ ਖ਼ੁਦ ਨੂੰ ਬੁਲਾਰਿਆਂ ਦੀਆਂ ਟਿੱਪਣੀਆਂ ਤੋਂ ਵੱਖ ਕਰ ਲਿਆ ਹੈ। ਭਾਜਪਾ ਨੇ ਕਿਹਾ ਹੈ ਕਿ ਪਾਰਟੀ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ ਤੇ ਕਿਸੇ ਵੀ ਧਾਰਮਿਕ ਸ਼ਖ਼ਸੀਅਤ ਦੇ ਨਿਰਾਦਰ ਦੀ ਸਖ਼ਤੀ ਨਾਲ ਨਿੰਦਾ ਕਰਦੀ ਹੈ। ਵਿਦੇਸ਼ ਮੰਤਰਾਲੇ ਨੇ ਵੀ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਭਾਰਤ ਸਾਰੇ ਧਰਮਾਂ ਦਾ ਦਿਲੋਂ ਸਨਮਾਨ ਕਰਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪਿਛਲੇ ਹਫ਼ਤੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਨਿਰਾਦਰ ਕਰਨ ਵਾਲੀਆਂ ਟਿੱਪਣੀਆਂ ਤੇ ਟਵੀਟ ਕੁਝ ਵਿਅਕਤੀਆਂ ਨੇ ਨਿੱਜੀ ਤੌਰ ਉਤੇ ਕੀਤੇ ਹਨ। -ਪੀਟੀਆਈ