ਜਨੇਵਾ, 5 ਮਾਰਚ
ਸੰਯੁਕਤ ਰਾਸ਼ਟਰ (ਯੂਐੱਨ) ਨੇ ਇਰਾਨ ਦੇ ਸਰਹੱਦੀ ਸੂਬੇ ਸਿਸਤਾਨ-ਬਲੋਚਿਸਤਾਨ ’ਚ ਘੱਟੋ-ਘੱਟ ਇੱਕ ਦਰਜਨ ਵਿਅਕਤੀਆਂ ਦੇ ਮਾਰੇ ਜਾਣ, ਜਿਨ੍ਹਾਂ ਦੀ ਗਿਣਤੀ 23 ਹੋਣ ਦੀ ਸੰਭਾਵਨਾ ਹੈ, ਦੀ ਨਿਖੇਧੀ ਕੀਤੀ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਸ ਇਲਾਕੇ ’ਚ ਇਰਾਨ ਦੇ ਰੈਵੋਲੂਸ਼ਨਰੀ ਗਾਰਡਜ਼ ਅਤੇ ਸੁਰੱਖਿਆ ਬਲਾਂ ਵੱਲੋਂ ਘੱਟ ਗਿਣਤੀਆਂ ਅਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਕੀਤੀ ਜਾਂਦੀ ਹੈ। ਯੂਐੱਨ ਦੇ ਮਨੁੱਖੀ ਅਧਿਕਾਰਾਂ ਬਾਰੇ ਤਰਜਮਾਨ ਰੂਪਰਟ ਕੋਲਵਿਲੇ ਨੇ ਜਨੇਵਾ ਤੋਂ ਇੱਕ ਸੰਖੇਪ ਬਿਆਨ ’ਚ ਕਿਹਾ ਕਿ ਸਥਾਨਕ ਇਲਾਕੇ ’ਚ ਮੋਬਾਈਲ ਸਿਗਨਲ ’ਚ ਰੁਕਾਵਟਾਂ ਕਾਰਨ ਮੌਤਾਂ ਦੀ ਸਹੀ ਗਿਣਤੀ ਦੀ ਪੁਸ਼ਟੀ ਕਰਨਾ ਬਹੁਤ ਮੁਸ਼ਕਲ ਹੈ। -ਰਾਇਟਰਜ਼