ਨਿਊਯਾਰਕ, 12 ਅਕਤੂਬਰ
ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੇ ਕੰਪਲੈਕਸ ’ਚ ‘ਵਸੂਧੈਵ ਕੁਟੁੰਬਕਮ’ ਲਿਖੀ ਤਖਤੀ ਦਾ ਉਦਘਾਟਨ ਕੀਤਾ ਗਿਆ ਹੈ ਜੋ ਭਾਰਤ ਦੀ ਏਕਤਾ ਤੇ ਆਲਮੀ ਸਹਿਯੋਗ ਪ੍ਰਤੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰਦੀ ਹੈ। ਇੱਥੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਭਾਰਤੀ ਸੱਭਿਆਚਾਰਕ ਸਬੰਧ ਕੌਂਸਲ (ਆਈਸੀਸੀਆਰ) ਦੇ ਪ੍ਰਧਾਨ ਡਾ. ਵਨਿੈ ਸਹਸਤ੍ਰਬੁੱਧੇ ਅਤੇ ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧ ਰਾਜਦੂਤ ਰੁਚਿਰਾ ਕੰਬੋਜ ਨੇ ਇਸ ਤਖਤੀ ਤੋਂ ਪਰਦਾ ਹਟਾਉਣ ਦਾ ਰਸਮ ਅਦਾ ਕੀਤੀ। ਭਾਰਤ ਦੇ ਸਥਾਈ ਮਿਸ਼ਨ ਦੇ ਕੰਪਲੈਕਸ ’ਚ ਦਾਖਲਾ ਗੇਟ ਦੀ ਕੰਧ ’ਤੇ ਲਾਈ ਗਈ ਤਖਤੀ ’ਚ ਹਿੰਦੀ ਵਿੱਚ ‘ਵਸੂਧੈਵ ਕੁਟੁੰਬਕੁਮ’ ਅਤੇ ਅੰਗਰੇਜ਼ੀ ਵਿੱਚ ‘ਦਿ ਵਰਲਡ ਇਜ਼ ਵਨ ਫੈਮਿਲੀ’ ਲਿਖਿਆ ਹੋਇਆ ਹੈ। ਇਸ ਤਖ਼ਤੀ ਦੇ ਉਦਘਾਟਨ ਤੋਂ ਪਹਿਲਾਂ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਨੇ ਆਈਸੀਸੀਆਰ ਨਾਲ ਮਿਲ ਕੇ ‘ਵਸੂਧੈਵ ਕੁਟੁੰਬਕਮ’ ਵਿਸ਼ੇ ’ਤੇ ਇੱਕ ਕੌਮਾਂਤਰੀ ਸੰਮੇਲਨ ਕਰਵਾਇਆ ਸੀ। ਸਹਸਤ੍ਰਬੁੱਧੇ ਨੇ ਇਸ ਮੌਕੇ ਕਿਹਾ, ‘ਇਹ ਭਾਰਤ ਦੀ ਪਛਾਣ ਹੈ। ਇਹ ਦੁਨੀਆ ਬਾਰੇ ਭਾਰਤ ਦਾ ਨਜ਼ਰੀਆ ਹੈ।’ ਇਸ ਸਮਾਗਮ ’ਚ ਸੰਯੁਕਤ ਰਾਸ਼ਟਰ ਮਿਸ਼ਨ ’ਚ ਭਾਰਤੀ ਅਧਿਕਾਰੀ, ਕੂਟਨੀਤਕਾਂ ਦੇ ਨਾਲ ਆਈਸੀਸੀਆਰ ਦੇ ਡਾਇਰੈਕਟਰ ਜਨਰਲ ਕੁਮਾਰ ਤੁਹਨਿ ਤੇ ਡਿਪਟੀ ਡਾਇਰੈਕਟਰ ਜਨਰਲ ਅਭੈ ਕੁਮਾਰ ਨੇ ਹਿੱਸਾ ਲਿਆ। -ਪੀਟੀਆਈ