ਸੰਯੁਕਤ ਰਾਸ਼ਟਰ, 26 ਫਰਵਰੀ
ਸੰਯੁਕਤ ਰਾਸ਼ਟਰ (ਯੂਐੱਨ) ਦੇ ਆਗੂਆਂ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਫ਼ੌਜਾਂ ਵੱਲੋਂ ਜੰਮੂ-ਕਸ਼ਮੀਰ ਅਤੇ ਹੋਰ ਸੈਕਟਰਾਂ ’ਚ ਕੰਟਰੋਲ ਰੇਖਾ ਨੇੜੇ ਗੋਲੀਬੰਦੀ ਦੇ ਸਮਝੌਤਿਆਂ ਦੀ ਪਾਲਣਾ ਕਰਨ ਦੇ ਐਲਾਨ ਦਾ ਸਵਾਗਤ ਕੀਤਾ ਹੈ। ਯੂਐੱਨ ਮੁਖੀ ਅੰਤੋਨੀਓ ਗੁਟੇਰੇਜ਼ ਨੇ ਉਮੀਦ ਪ੍ਰਗਟਾਈ ਕਿ ਇਸ ‘ਹਾਂ-ਪੱਖੀ’ ਕਦਮ ਨਾਲ ਦੋਵੇਂ ਦੇਸ਼ਾਂ ਵਿਚਾਲੇ ਗੱਲਬਾਤ ਦੇ ਹੋਰ ਮੌਕੇ ਪੈਦਾ ਹੋਣਗੇ। ਯੂਐੱਨ ਮੁਖੀ ਗੁਟੇਰੇਜ਼ ਦੇ ਤਰਜਮਾਨ ਸਟੀਫ਼ਨ ਦੁਜਾਰਿਕ ਨੇ ਵੀਰਵਾਰ ਨੂੰ ਰੋਜ਼ਾਨਾ ਪ੍ਰੈੱਸ ਬਿਆਨ ’ਚ ਕਿਹਾ, ‘ਸਕੱਤਰ ਜਨਰਲ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵੱਲੋੋਂ ਜੰਮੂ-ਕਸ਼ਮੀਰ ਅਤੇ ਹੋਰ ਸੈਕਟਰਾਂ ’ਚ ਕੰਟਰੋਲ ਰੇਖਾ ਨੇੜੇ ਗੋਲੀਬੰਦੀ ਸਮਝੌਤਿਆਂ ਦੀ ਪਾਲਣਾ ਕਰਨ ਦੇ ਸਾਂਝੇ ਬਿਆਨ ਤੋਂ ਖੁਸ਼ ਹਨ।’ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 75ਵੇਂ ਸੈਸ਼ਨ ਦੇ ਪ੍ਰਧਾਨ ਵੋਲਕਾਨ ਬੋਜ਼ਕੀਰ ਨੇ ਗੋਲੀਬੰਦੀ ਸਮਝੌਤੇ ਦਾ ‘ਤਹਿ ਦਿਲੋਂ’ ਸਵਾਗਤ ਕੀਤਾ ਹੈ।
ਸੀਰੀਆ ’ਚ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਅਨੁਸਾਰ ਮਨੁੱਖੀ ਸਹਾਇਤਾ ਦਿੱਤੀ ਜਾਵੇ: ਭਾਰਤ
ਸੰਯੁਕਤ ਰਾਸ਼ਟਰ: ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਦੀ ਇੱਕ ਬੈਠਕ ’ਚ ਕਿਹਾ ਕਿ ਸੀਰੀਆ ’ਚ ਮਨੁੱਖੀ ਸਹਾਇਤਾ ਇਸ ਸਬੰਧ ’ਚ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਮੁਤਾਬਕ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਤੇ ਇਸ ਦਾ ਸਿਆਸੀਕਰਨ ਬੰਦ ਹੋਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧ ਟੀ.ਐੱਸ. ਤ੍ਰਿਮੂਰਤੀ ਨੇ ਵੀਰਵਾਰ ਨੂੰ ਸੀਰੀਆ ’ਚ ਸੰਕਟ ਦੀ ਸਥਿਤੀ ਬਾਰੇ ਬੈਠਕ ’ਚ ਕਿਹਾ ਕਿ ਭਾਰਤ ਦਾ ਦ੍ਰਿੜ੍ਹਤਾ ਨਾਲ ਮੰਨਣਾ ਹੈ ਕਿ ਸੀਰੀਆ ’ਚ ਮਨੁੱਖੀ ਲੋੜਾਂ ਦੀਆਂ ਸਾਰੀਆਂ ਚੀਜ਼ਾਂ ਦੀ ਵੰਡ ਮਨੁੱਖੀ ਸਹਾਇਤਾ ਸਬੰਧੀ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਮੁਤਾਬਕ ਹੋਣੀ ਚਾਹੀਦੀ ਹੈ।’ -ਪੀਟੀਆਈ
ਭਾਰਤੀ ਅਰਥਸ਼ਾਸਤਰੀ ਸਹਾਇਕ ਜਨਰਲ ਸਕੱਤਰ ਨਿਯੁਕਤ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਭਾਰਤੀ ਅਰਥਸ਼ਾਸਤਰੀ ਲਿਗੀਆ ਨੋਰੋਨ੍ਹਾ ਨੂੰ ਸਹਾਇਕ ਸਕੱਤਰ ਜਨਰਲ ਅਤੇ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ (ਯੂਐੱਨਈਪੀ) ਦੇ ਦਫ਼ਤਰ ਦੀ ਮੁਖੀ ਨਿਯੁਕਤ ਕੀਤਾ ਹੈ। ਇੱਥੇ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਕਿ ਲਿਗੀਆ ਨਰੋਨਾ ਆਪਣੇ ਸਹਿਯੋਗੀ ਭਾਰਤੀ ਅਰਥਸ਼ਾਸਤਰੀ ਸੱਤਿਆ ਤ੍ਰਿਪਾਠੀ ਦੀ ਉੱਤਰਧਿਕਾਰੀ ਬਣੇਗੀ। ਨਰੋਨ੍ਹਾ ਨਵੀਂ ਦਿੱਲੀ ’ਚ ਐਨਰਜੀ ਐਂਡ ਰਿਸੋਰਸਿਜ਼ ਇੰਸਟੀਚਿਊਟ ਵਿੱਚ ਐਗਜ਼ੀਕਿਊਟਿਵ ਡਾਇਰੈਕਟਰ ਰਹੀ ਹੈ। -ਪੀਟੀਆਈ