ਸੰਯੁਕਤ ਰਾਸ਼ਟਰ, 1 ਮਈ
ਸੰਯੁਕਤ ਰਾਸ਼ਟਰ ਦੀ ਬੱਚਿਆਂ ਸਬੰਧੀ ਏਜੰਸੀ ਯੂਨੀਸੈਫ ਨੇ ਕਰੋਨਾ ਲਾਗ ਦੇ ਸੱਜਰੇ ਉਭਾਰ ਨਾਲ ਜੂਝ ਰਹੇ ਭਾਰਤ ਦੀ ਮਦਦ ਲਈ ਜੀਵਨ ਰੱਖਿਅਕ ਸਾਮਾਨ ਦੀ ਸਪਲਾਈ ਭੇਜੀ ਹੈ। ਇਸ ਵਿੱਚ ਤਿੰਨ ਹਜ਼ਾਰ ਆਕਸੀਜਨ ਕੰਸਨਟਰੇਟਰ, ਟੈਸਟਾਂ ਸਬੰਧੀ ਸਮੱਗਰੀ ਅਤੇ ਹੋਰ ਸਾਮਾਨ ਸ਼ਾਮਲ ਹੈ। ਯੂਨੀਸੈਫ ਨੇ ਭਾਰਤ ਸਰਕਾਰ ਨੂੰ ਲਗਾਤਾਰ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਹੈ। ਸੰਯੁਕਤ ਰਾਸ਼ਟਰ ਮੁਖੀ ਦੇ ਉਪ-ਤਰਜਮਾਨ ਫਰਹਾਨ ਹੱਕ ਨੇ ਸ਼ੁੱਕਰਵਾਰ ਨੂੰ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੇ ਟਵੀਟ ਦੇ ਹਵਾਲੇ ਨਾਲ ਕਿਹਾ ਕਿ ਉਹ ਅਤੇ ਸੰਯੁਕਤ ਰਾਸ਼ਟਰ ਪਰਿਵਾਰ ਕਰੋਨਾ ਮਹਾਮਾਰੀ ਦੇ ਔਖੇ ਸਮੇਂ ਦੌਰਾਨ ਲੋਕਾਂ ਨਾਲ ਖੜ੍ਹਾ ਹੈ ਅਤੇ ਦੇਸ਼ (ਭਾਰਤ) ਦੀ ਹਰ ਮਦਦ ਲਈ ਤਿਆਰ ਹੈ। ਹਵਾਈ ਕੰਪਨੀ ਬੋਇੰਗ ਨੇ ਕਰੋਨਾ ਮਹਾਮਾਰੀ ਨਾਲ ਜੂਝ ਰਹੇ ਭਾਰਤ ਲਈ ਇੱਕ ਕਰੋੜ ਡਾਲਰ ਦੇ ਮਦਦ ਪੈਕੇਜ ਦਾ ਐਲਾਨ ਕੀਤਾ ਹੈ। ਕੰਪਨੀ ਵੱਲੋਂ ਜਾਰੀ ਬਿਆਨ ਮੁਤਾਬਕ ਬੋਇੰਗ ਆਪਣੀਆਂ ਸਥਾਨਕ ਤੇ ਕੌਮਾਂਤਰੀ ਭਾਈਵਾਲ ਸੰਸਥਾਵਾਂ ਨੂੰ ਨਿਰਦੇਸ਼ ਦੇਵੇਗੀ ਕਿ ਉਹ ਕਰੋਨਾ ਮਹਾਮਾਰੀ ਨਾਲ ਜੂਝ ਰਹੇ ਭਾਈਚਾਰਿਆਂ ਤੇ ਪਰਿਵਾਰਾਂ ਦੀ ਮਦਦ ਲਈ ਮੈਡੀਕਲ ਸਪਲਾਈ ਐਮਰੀਜੈਂਸੀ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ। ਬੋਇੰਗ ਦੇ ਪ੍ਰਧਾਨ ਤੇ ਸੀਈਓ ਡੇਵ ਕਾਲਹੌਨ ਕਿਹਾ, ‘ਕਰੋਨਾ ਮਹਾਮਾਰੀ ਨਾਲ ਦੁਨੀਆ ਭਰ ’ਚ ਵੱਖ-ਵੱਖ ਭਾਈਚਾਰੇ ਅਸਰਅੰਦਾਜ਼ ਹੋਏ ਹਨ ਅਤੇ ਅਸੀਂ ਬਹੁਤ ਮੁਸ਼ਕਲ ਦੌਰ ’ਚੋਂ ਗੁਜ਼ਰ ਰਹੇ ਆਪਣੇ ਦੋਸਤ ਭਾਰਤ ਦੇ ਨਾਲ ਹਾਂ।’ -ਪੀਟੀਆਈ