ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਵੱਲੋਂ ਯੂਕਰੇਨ ’ਤੇ ਬਿਨਾਂ ਕਿਸੇ ਭੜਕਾਹਟ ਤੋਂ ਕੀਤੇ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਹਮਲੇ ਨੂੰ ਰੂਸ ਦੀ ਧੱਕੇਸ਼ਾਹੀ ਕਰਾਰ ਦਿੱਤਾ। ਬਾਇਡਨ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨੂੰ ਮੂੰਹ-ਤੋੜ ਜਵਾਬ ਦੇਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਅਮਰੀਕਾ ਤੇ ਇਸ ਦੇ ਭਾਈਵਾਲਾਂ ਵੱਲੋਂ ‘ਰੂਸ ਨੂੰ ਜਵਾਬਦੇਹ’ ਬਣਾਇਆ ਜਾਵੇਗਾ। ਪੂਤਿਨ ਦੀ ਇਸ ਪੇਸ਼ਕਦਮੀ ’ਤੇ ਆਪਣੇ ਪ੍ਰਤੀਕਰਮ ਵਿੱਚ ਬਾਇਡਨ ਨੇ ਕਿਹਾ ਉਨ੍ਹਾਂ ਦੇ ਰੂਸੀ ਹਮਰੁਤਬਾ ਨੇ ‘‘ਗਿਣਮਿੱਥੀ ਜੰਗ ਦੀ ਚੋਣ ਕੀਤੀ ਹੈ, ਜਿਸ ਨਾਲ ਮਨੁੱਖੀ ਜਾਨਾਂ ਦਾ ਵਿਨਾਸ਼ਕਾਰੀ ਨੁਕਸਾਨ ਹੋਵੇਗਾ।’’ ਅਮਰੀਕੀ ਸਦਰ ਨੇ ਕਿਹਾ, ‘‘ਇਸ ਹਮਲੇ ਕਰਕੇ ਹੋਣ ਵਾਲੀਆਂ ਮੌਤਾਂ ਤੇ ਤਬਾਹੀ ਲਈ ਇਕੱਲਾ ਰੂਸ ਜ਼ਿੰਮੇਵਾਰ ਹੈ। ਅਮਰੀਕਾ ਅਤੇ ਇਸ ਦੇ ਭਾਈਵਾਲ ਤੇ ਜੋਟੀਦਾਰ ਇਕਜੁੱਟ ਹੋ ਕੇ ਫੈਸਲਾਕੁਨ ਤਰੀਕੇ ਨਾਲ ਜਵਾਬ ਦੇਣਗੇ। ਕੁੱਲ ਆਲਮ ਰੂਸ ਦੀ ਜਵਾਬਦੇਹੀ ਨਿਰਧਾਰਿਤ ਕਰੇਗਾ।’’ ਬਾਇਡਨ ਨੇ ਕਿਹਾ ਕਿ ਉਹ ਵ੍ਹਾਈਟ ਹਾਊਸ ਤੋਂ ਯੂਕਰੇਨ ਦੇ ਹਾਲਾਤ ’ਤੇ ਨਜ਼ਰ ਰੱਖਣਗੇ ਤੇ ਆਪਣੀ ਕੌਮੀ ਸੁਰੱਖਿਆ ਟੀਮ ਤੋਂ ਨਿਯਮਤ ਅਪਡੇਟ ਲੈਂਦੇ ਰਹਿਣਗੇ। ਉਨ੍ਹਾਂ ਕਿਹਾ, ‘‘ਭਲਕੇ ਮੈਂ ਆਪਣੇ ਜੀ-7 ਹਮਰੁਤਬਾਵਾਂ ਨੂੰ ਮਿਲਾਂਗਾ ਤੇ ਉਸ ਮਗਰੋਂ ਅਮਰੀਕੀ ਆਵਾਮ ਨਾਲ ਗੱਲਬਾਤ ਕਰਕੇ ਯੂਐੱਸ ਤੇ ਉਸ ਦੇ ਹੋਰਨਾਂ ਭਾਈਵਾਲਾਂ ਵੱਲੋਂ ਰੂਸ ’ਤੇ ਲਾਈਆਂ ਜਾਣ ਵਾਲੀਆਂ ਪਾਬੰਦੀਆਂ ਦਾ ਐਲਾਨ ਕਰਾਂਗਾ।’’ ਬਾਇਡਨ ਨੇ ਕਿਹਾ ਕਿ ਉਹ ਨਾਟੋ ਭਾਈਵਾਲਾਂ ਨਾਲ ਵੀ ਤਾਲਮੇਲ ਕਰਨਗੇ। -ਪੀਟੀਆਈ