ਵਾਸ਼ਿੰਗਟਨ, 11 ਫਰਵਰੀ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮਿਆਂਮਾਰ ’ਚ ਜਮਹੂਰੀ ਢੰਗ ਨਾਲ ਚੁਣੇ ਨੇਤਾਵਾਂ ਨੂੰ ਹਟਾ ਕੇ ਰਾਜ ਪਲਟਾ ਕਰਨ ’ਤੇ ਫ਼ੌਜੀ ਅਧਕਾਰੀਆਂ ਖ਼ਿਲਾਫ਼ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਮਿਆਂਮਾਰ ’ਚ ਫ਼ੌਜ ਵੱਲੋਂ ਪਹਿਲੀ ਫਰਵਰੀ ਨੂੰ ਕੀਤੇ ਰਾਜੇ ਪਲਟੇ ਖ਼ਿਲਾਫ਼ ਹਜ਼ਾਰਾਂ ਲੋਕ ਇਕੱਠ ’ਤੇ ਪਾਬੰਦੀ ਅਤੇ ਰਾਤ ਦੇ ਕਰਫਿਊ ਦੇ ਬਾਵਜੂਦ ਸੜਕਾਂ ’ਤੇ ਪ੍ਰਰਦਸ਼ਨ ਕਰ ਰਹੇ ਹਨ।
ਰਾਸ਼ਟਰਪਤੀ ਬਾਇਡਨ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਅੱਜ ਮੈਂ ਕਈ ਕਾਰਵਾਈਆਂ ਦਾ ਐਲਾਨ ਕਰਦਾ ਹਾਂ ਅਤੇ ਰਾਜ ਪਲਟਾ ਕਰਨ ਲਈ ਜ਼ਿੰਮੇਵਾਰ ਫ਼ੌਜੀ ਅਧਿਕਾਰੀਆਂ ਖ਼ਿਲਾਫ਼ ਪਾਬੰਦੀਆਂ ਲਾ ਕੇ ਇਸ ਦੀ ਸ਼ੁਰੂਆਤ ਕਰ ਰਿਹਾ ਹਾਂ। ਅਮਰੀਕਾ ਵੱਲੋਂ ਬਰਮਾ ਸਰਕਾਰ ਨੂੰ ਮਦਦ ਵਜੋਂ ਦਿੱਤੇ ਇਕ ਅਰਬ ਡਾਲਰ ਦੇ ਫੰਡ ਤਕ ਫ਼ੌਜੀ ਜਨਰਲਾਂ ਦੀ ਗਲਤ ਤਰੀਕੇ ਨਾਲ ਪਹੁੰਚ ਰੋਕਣ ਲਈ ਅਮਰੀਕਾ ਸਰਕਾਰ ਇਹ ਕਦਮ ਚੁੱਕ ਰਹੀ ਹੈ।’ ਮਿਆਂਮਾਰ ਦੀ ਹਾਲਤ ’ਤੇ ਆਪਣੇ ਪਹਿਲੇ ਜਨਤਕ ਭਾਸ਼ਣ ’ਚ ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਮਿਆਂਮਾਰ ਦੀ ਫ਼ੌਜ ਨੂੰ 8 ਨਵੰਬਰ ਨੂੰ ਹੋਈਆਂ ਚੋਣਾਂ ’ਚ ਜਨਤਾ ਵੱਲੋਂ ਜਮਹੂਰੀ ਨੇਤਾਵਾਂ ਦੇ ਹੱਕ ’ਚ ਦਿੱਤੇ ਫ਼ਤਵੇ ਦਾ ਸਨਮਾਨ ਕਰਨਾ ਚਾਹੀਦਾ ਹੈ। ਬਾਇਡਨ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਨਵੇਂ ਹੁਕਮ ਨੂੰ ਮਨਜ਼ੂਰੀ ਦਿੱਤੀ ਹੈ ਜੋ ਰਾਜ ਪਲਟੇ ਦਾ ਹੁਕਮ ਦੇਣ ਵਾਲੇ ਫ਼ੌਜੀ ਅਧਿਕਾਰੀਆਂ, ਉਨ੍ਹਾਂ ਦੇ ਕਾਰੋਬਾਰੀ ਹਿੱਤਾਂ ਅਤੇ ਉਨ੍ਹਾਂ ਦੇ ਨੇੜਲੇ ਪਰਿਵਾਰਕ ਮੈਂਬਰਾਂ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾਉਂਦਾ ਹੈ। ਉਨ੍ਹਾਂ ਕਿਹਾ, ‘ਅਸੀਂ ਇਸ ਹਫ਼ਤੇ ਪਹਿਲੇ ਗੇੜ ਦੇ ਨਿਸ਼ਾਨਿਆਂ ਦੀ ਪਛਾਣ ਕਰਾਂਗੇ। ਅਸੀਂ ਬਰਾਮਦ ’ਤੇ ਵੀ ਸਖ਼ਤ ਪਾਬੰਦੀ ਲਾਉਣ ਜਾ ਰਹੇ ਹਾਂ। ਅਸੀਂ ਅਜਿਹੇ ਅਸਾਸੇ ਜ਼ਬਤ ਕਰਨ ਜਾ ਰਹੇ ਜੋ ਬਰਮਾ ਦੀ ਸਰਕਾਰ ਨੂੰ ਲਾਭ ਪਹੁੰਚਾਉਂਦੇ ਸਨ। ਹਾਲਾਂਕਿ ਸਿਹਤ ਸੇਵਾਵਾਂ, ਸਿਵਲ ਸੁਸਾਇਟੀ ਗਰੁੱਪਾਂ ਅਤੇ ਹੋਰ ਖੇਤਰਾਂ, ਜਿਨ੍ਹਾਂ ਨਾਲ ਬਰਮਾ ਦੇ ਲੋਕਾਂ ਨੂੰ ਸਿੱਧਾ ਪਹੁੰਚਦਾ ਹੈ, ਨੂੰ ਸਮਰਥਨ ਜਾਰੀ ਰੱਖਾਂਗੇ।’ -ਪੀਟੀਆਈ
ਚੀਨ ਦੀ ਚੁਣੌਤੀ ਨਾਲ ਨਜਿੱਠਣ ਲਈ ਟਾਸਕ ਫੋਰਸ ਸਥਾਪਤ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਦੱਸਿਆ ਕਿ ਪੈਂਟਾਗਨ ਨੇ ਇੱਕ ਟਾਸਕ ਫੋਰਸ ਬਣਾਈ ਹੈ ਜੋ ਚੀਨ ਵੱਲੋਂ ਦਿੱਤੀ ਜਾ ਰਹੀ ਚੁਣੌਤੀ ਨਾਲ ਨਜਿੱਠਣ ਲਈ ਆਗਾਮੀ ਕੁਝ ਮਹੀਨਿਆਂ ਵਿੱਚ ਆਪਣੇ ਸੁਝਾਅ ਦੇਵੇਗੀ। ਸ੍ਰੀ ਬਾਇਡਨ ਨੇ ਪੈਂਟਾਗਨ ਦੇ ਆਪਣੇ ਪਹਿਲੇ ਦੌਰੇ ਦੌਰਾਨ ਕਿਹਾ,‘ਇਸ ਟਾਸਕ ਫੋਰਸ ਵਿੱਚ ਵੱਖ-ਵੱਖ ਮੰਤਰਾਲਿਆਂ ਦੇ ਸਿਵਲ ਅਤੇ ਫ਼ੌਜੀ ਮਾਹਰ ਸ਼ਾਮਲ ਹੋਣਗੇ, ਜੋ ਰੱਖਿਆ ਮੰਤਰੀ ਲੌਇਡ ਆਸਟਿਨ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਜ਼ਰੂਰੀ ਪ੍ਰਾਥਮਿਕਤਾਵਾਂ ਤੇ ਫ਼ੈਸਲਿਆਂ ਸਬੰਧੀ ਸੁਝਾਅ ਦੇਣਗੇ । -ਪੀਟੀਆਈ