ਬੇਰੂਤ, 24 ਅਗਸਤ
ਅਮਰੀਕੀ ਫ਼ੌਜ ਨੇ ਅੱਜ ਪੂਰਬੀ ਸੀਰੀਆ ਵਿੱਚ ਲੜਾਕਿਆਂ ਵੱਲੋਂ ਵਰਤੇ ਜਾ ਰਹੇ ਇਲਾਕਿਆਂ ’ਤੇ ਹਵਾਈ ਹਮਲੇ ਕੀਤੇ। ਇਨ੍ਹਾਂ ਲੜਾਕਿਆਂ ਨੂੰ ਇਰਾਨ ਦੇ ਨੀਮ ਫ਼ੌਜੀ ਬਲਾਂ ਵੱਲੋਂ ਹਮਾਇਤ ਦਿੱਤੀ ਜਾ ਰਹੀ ਹੈ। ਸੀਰੀਆ ਦੇ ਸਰਕਾਰੀ ਮੀਡੀਆ ਅਤੇ ਇਰਾਨ ਨੇ ਦੀਏਰ ਏਜ਼-ਜ਼ੋਰ ’ਤੇ ਹੋਏ ਇਨ੍ਹਾਂ ਹਮਲਿਆਂ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ। ਸੀਰੀਆ ਦੀ ਇੱਕ ਮਨੁੱਖੀ ਅਧਿਕਾਰ ਸੰਸਥਾ ਨੇ ਦੱਸਿਆ ਕਿ ਇਸ ਹਮਲੇ ਵਿੱਚ 6 ਸੀਰਿਆਈ ਅਤੇ ਵਿਦੇਸ਼ੀ ਅਤਿਵਾਦੀ ਮਾਰੇ ਗਏ ਹਨ। ਸੈਂਟਰਲ ਕਮਾਂਡ ਦੇ ਬੁਲਾਰੇ ਕਰਨਲ ਜੋ ਬੁਚੀਨੋ ਨੇ ਕਿਹਾ, “ਅਮਰੀਕੀ ਕਰਮਚਾਰੀਆਂ ਦੀ ਸੁਰੱਖਿਆ ਤੇ ਬਚਾਅ ਲਈ ਅੱਜ ਦੇ ਹਮਲੇ ਜ਼ਰੂਰੀ ਸਨ।” ਉਨ੍ਹਾਂ ਕਿਹਾ ਕਿ ਇਹ ਹਮਲਾ 15 ਅਗਸਤ ਨੂੰ ਅਮਰੀਕੀ ਫ਼ੌਜ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ ਹੈ। -ਏਪੀ