ਵਾਸ਼ਿੰਗਟਨ: ਅਮਰੀਕੀ ਸੰਸਦ ਵਿੱਚ ਐੱਚ-1ਬੀ ਵੀਜ਼ਾ ਪ੍ਰਣਾਲੀ ਵਿੱਚ ਸਮੁੱਚੇ ਸੁਧਾਰ ਲਈ ਦੋਵੇਂ ਦਲਾਂ ਦੇ ਸੰਸਦ ਮੈਂਬਰਾਂ ਦੇ ਗੁਰੱਪ ਨੇ ਇੱਕ ਬਿੱਲ ਪੇਸ਼ ਕੀਤਾ ਹੈ। ਕਾਨੂੰਨਸਾਜ਼ਾਂ ਦੀ ਦਲੀਲ ਹੈ ਕਿ ਇਹ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਕਰੇਗਾ ਅਤੇ ਵਿਦੇਸ਼ੀ ਆਊਟਸੋਰਸਿੰਗ ਕੰਪਨੀਆਂ ਨੂੰ ਰੋਕੇਗਾ ਜੋ ਇਸ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਕਰਕੇ ਯੋਗ ਅਮਰੀਕੀਆਂ ਨੂੰ ਉੱਚ ਯੋਗਤਾ ਵਾਲੀਆਂ ਨੌਕਰੀਆਂ ਤੋਂ ਵਾਂਝੇ ਰੱਖਦੀਆਂ ਹਨ। ਜ਼ਿਕਰਯੋਗ ਹੈ ਕਿ ਐੱਚ1ਬੀ ਵੀਜ਼ਾ ਗ਼ੈਰ-ਇਮੀਗ੍ਰੇਸ਼ਨ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦਾ ਅਧਿਕਾਰ ਦਿੰਦਾ ਹੈ। ਅਮਰੀਕੀ ਟੈਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹੁਨਰਮੰਦ ਕਾਮਿਆਂ ਨੂੰ ਨਿਯੁਕਤ ਕਰਨ ਲਈ ਇਸ ਵੀਜ਼ੇ ’ਤੇ ਨਿਰਭਰ ਹਨ। ਐੱਚ-1ਬੀ ਵੀਜ਼ਾ ਭਾਰਤ ਸਣੇ ਹੋਰ ਵਿਦੇਸ਼ੀ ਪੇਸ਼ੇਵਰਾਂ ਵਿੱਚ ਸਭ ਤੋਂ ਵੱਧ ਮੰਗ ਵਾਲਾ ਵਰਕ ਵੀਜ਼ਾ ਹੈ। ਇਸੇ ਤਰ੍ਹਾਂ ਐੱਲ-1 ਵੀਜ਼ਾ ਵੀ ਇੱਕ ਗ਼ੈਰ-ਪਰਵਾਸੀ ਵੀਜ਼ਾ ਹੈ। -ਪੀਟੀਆਈ