ਨਿਊਯਾਰਕ, 6 ਜੁਲਾਈ
ਅਮਰੀਕੀ ਸੰਸਦ ਵਿਚ ਭਾਰਤ ਦੇ ਮਨੁੱਖੀ ਅਧਿਕਾਰ ਕਾਰਕੁਨ ਫਾਦਰ ਸਟੈਨ ਸਵਾਮੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਮੌਤ ਦੀ ਆਜ਼ਾਦਾਨਾ ਢੰਗ ਨਾਲ ਜਾਂਚ ਦੀ ਮੰਗ ਬਾਰੇ ਇਕ ਮਤਾ ਪੇਸ਼ ਕੀਤਾ ਗਿਆ। ਕਾਂਗਰਸ ਮੈਂਬਰ ਜੌਹਨ ਵਰਗਸ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਪ੍ਰਤੀਨਿਧੀ ਵਰਗਸ ਨੇ ਦੱਸਿਆ ਕਿ ਉਨ੍ਹਾਂ ਸਵਾਮੀ ਦੀ ਯਾਦ ਤੇ ਉਨ੍ਹਾਂ ਦੀ ਮੌਤ ਦੀ ਆਜ਼ਾਦਾਨਾ ਜਾਂਚ ਦੀ ਮੰਗ ਕਰਦਿਆਂ ਕਾਂਗਰਸ ਵਿਚ ਇਕ ਮਤਾ ਪੇਸ਼ ਕੀਤਾ ਹੈ। ਇਸ ਮਤੇ ਨੂੰ ਕਾਂਗਰਸ ਦੇ ਪ੍ਰਤੀਨਿਧੀਆਂ ਆਂਦਰੇ ਕਾਰਸਨ ਤੇ ਜੇਮਸ ਮੈਕਗਵਰਨ ਨੇ ਸਮਰਥਨ ਦਿੱਤਾ ਹੈ। ਇਸ ਮਤੇ ਨੂੰ ਅਮਰੀਕਾ ਦੀ ਪ੍ਰਤੀਨਿਧੀ ਸਭਾ ਵਿਚ ਸਵਾਮੀ ਦੀ ਪੁਲੀਸ ਹਿਰਾਸਤ ਵਿਚ ਮੌਤ ਦੀ ਪਹਿਲੀ ਬਰਸੀ ਮੌਕੇ ਪੇਸ਼ ਕੀਤਾ ਗਿਆ। ਵਰਗਸ ਨੇ ਕਿਹਾ, ‘ਮੈਂ ਹਿਰਾਸਤ ਵਿਚ ਫਾਦਰ ਸਟੈਨ ਸਵਾਮੀ ਨਾਲ ਹੋਏ ਮਾੜੇ ਵਿਹਾਰ ਤੋਂ ਦੁਖੀ ਹਾਂ। ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਕਿਸੇ ਵਿਅਕਤੀ ਨੂੰ ਅਜਿਹੀ ਹਿੰਸਾ ਤੇ ਮਾੜੇ ਵਿਹਾਰ ਦਾ ਸਾਹਮਣਾ ਨਾ ਕਰਨਾ ਪਵੇ।’ ਦੱਸਣਯੋਗ ਹੈ ਕਿ ਸਵਾਮੀ ਦਾ 5 ਜੁਲਾਈ 2021 ਨੂੰ ਮੁੰਬਈ ਦੇ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਇਕ ਦਿਨ ਪਹਿਲਾਂ ਦਿਲ ਦਾ ਦੌਰਾ ਪਿਆ ਸੀ ਤੇ ਵੈਂਟੀਲੇਟਰ ਉਤੇ ਰੱਖਿਆ ਗਿਆ ਸੀ। ਸਵਾਮੀ ਨੂੰ ਪਿਛਲੇ ਸਾਲ 29 ਮਈ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ। -ਪੀਟੀਆਈ