ਵਾਸ਼ਿੰਗਟਨ, 5 ਨਵੰਬਰ
ਦਰਜਨ ਤੋਂ ਵੱਧ ਭਾਰਤੀ ਅਮਰੀਕੀਆਂ, ਜਿਨ੍ਹਾਂ ਵਿੱਚ ਪੰਜ ਮਹਿਲਾਵਾਂ ਸ਼ਾਮਲ ਹਨ, ਨੇ ਇਸ ਵਾਰ ਸੂਬਾ-ਪੱਧਰੀ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਇਸ ਨਾਲ ਬੀਤੇ ਦਿਨ ਦੇ ਨਤੀਜਿਆਂ ਦੌਰਾਨ ਅਮਰੀਕਾ ਦੇ ਹਾਊਸ ਆਫ ਰਿਪਰਜ਼ੈਂਟੇਟਿਵਜ਼ (ਹੇਠਲੇ ਸਦਨ) ਲਈ ਚੁਣੇ ਗਏ ਚਾਰ ਭਾਰਤੀ ਅਮਰੀਕੀਆਂ ਡਾ. ਅਮੀ ਬੇਰਾ, ਪ੍ਰਮਿਲਾ ਜੈਪਾਲ, ਰੋ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ ਦੀ ਸੂਚੀ ਵਿੱਚ ਹੋਰ ਵਾਧਾ ਹੋਇਆ ਹੈ। ਘੱਟੋ-ਘੱਟ ਤਿੰਨ ਹੋਰ ਭਾਰਤੀ-ਅਮਰੀਕੀਆਂ ਦੇ ਚੋਣ ਨਤੀਜੇ ਆਊਣੇ ਅਜੇ ਬਾਕੀ ਹਨ।
ਸੂਬਾਈ ਵਿਧਾਨ ਸਭਾਵਾਂ ਲਈ ਚੁਣੀਆਂ ਗਈਆਂ ਪੰਜ ਮਹਿਲਾਵਾਂ ਵਿੱਚ ਜੈਨੀਫਰ ਰਾਜਕੁਮਾਰ (ਨਿਊਯਾਰਕ ਸੂਬਾਈ ਅਸੈਂਬਲੀ), ਨੀਮਾ ਕੁਲਕਰਨੀ (ਕੈਨਟਕੀ ਸੂਬਾਈ ਸਦਨ), ਕੇਸ਼ਾ ਰਾਮ (ਵਰਮੌਂਟ ਸੂਬਾਈ ਸੈਨੇਟ), ਵੰਦਨਾ ਸਲਾਤਰ (ਵਾਸ਼ਿੰਗਟਨ ਸੂਬਾਈ ਸਦਨ) ਅਤੇ ਪਦਮਾ ਕੁੱਪਾ (ਮਿਸ਼ੀਗਨ ਸੂਬਾਈ ਸਦਨ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਨੀਰਜ ਆਂਟਨੀ ਓਹਾਇਓ ਸੂਬਾਈ ਸੈਨੇਟ ਲਈ ਅਤੇ ਜੇ ਚੌਧਰੀ ਨਾਰਥ ਕੈਰੋਲੀਨਾ ਸੂਬਾਈ ਸੈਨੇਟ ਲਈ ਮੁੜ ਚੁਣੇ ਗਏ ਹਨ। ਅਮਿਤ ਸ਼ਾਹ ਐਰੀਜ਼ੋਨਾ ਸੂਬਾਈ ਸਦਨ, ਨਿਖਿਲ ਸਾਵਲ ਪੈਨਸਿਲਵੇਨੀਆ ਸੂਬਾਈ ਸਦਨ, ਰਾਜੀਵ ਪੁਰੀ ਮਿਸ਼ੀਗਨ ਸੂਬਾਈ ਸਦਨ ਅਤੇ ਜੈਰੇਮੀ ਕੂਨੀ ਨਿਊਯਾਰਕ ਸੂਬਾਈ ਸੈਨੇਟ ਲਈ ਚੁਣੇ ਗਏ ਹਨ। ਐਸ਼ ਕਾਲੜਾ ਲਗਾਤਾਰ ਤੀਜੀ ਵਾਰ ਕੈਲੀਫੋਰਨੀਆ ਸੂਬਾਈ ਅਸੈਂਬਲੀ ਲਈ ਚੁਣੇ ਗਏ ਹਨ। ਰਵੀ ਸਾਂਡਿਲ ਨੇ ਟੈਕਸਸ ਵਿੱਚ ਜ਼ਿਲ੍ਹਾ ਕੋਰਟ ਜੱਜ ਦੀ ਚੋਣ ਜਿੱਤੀ ਹੈ। ਇਨ੍ਹਾਂ ਵਿਚੋਂ ਕੇਸ਼ਾ ਰਾਮ ਵਰਮੌਂਟ ਸੂਬਾਈ ਸਦਨ ਲਈ ਚੁਣੀ ਜਾਣ ਵਾਲੀ ਭੂਰੀ ਚਮੜੀ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਨਿਖਿਲ ਸਾਵਲ ਪਹਿਲੇ ਭਾਰਤੀ ਅਮਰੀਕੀ ਹਨ, ਜੋ ਪੈਨਸਿਲਵੇਨੀਆ ਜਨਰਲ ਅਸੈਂਬਲੀ ਲਈ ਚੁਣੇ ਗਏ ਹਨ। ਜੈਨੀਫਰ ਰਾਜਕੁਮਾਰ ਨਿਊਯਾਰਕ ਸੂਬਾਈ ਦਫ਼ਤਰ ਲਈ ਚੁਣੀ ਜਾਣ ਵਾਲੀ ਪਹਿਲੀ ਦੱਖਣ ਏਸ਼ੀਆਈ ਮਹਿਲਾ ਬਣ ਗਈ ਹੈ ਅਤੇ ਨੀਰਜ ਆਂਟਨੀ ਓਹਾਇਓ ਸੈਨੇਟ ਲਈ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਅਮਰੀਕੀ ਬਣ ਗਏ ਹਨ। ਇਸ ਵਾਰ ਦੀਆਂ ਚੋਣਾਂ ਵਿੱਚ ਕਰੀਬ 20 ਲੱਖ ਤੋਂ ਵੱਧ ਭਾਰਤੀ-ਅਮਰੀਕੀਆਂ ਨੇ ਵੋਟ ਪਾਈ। ਇਨ੍ਹਾਂ ਜਿੱਤਾਂ ਤੋਂ ਇਲਾਵਾ ਅਮਰੀਕਾ ਦੇ ਹੇਠਲੇ ਸਦਨ ਦੀ ਐਰੀਜ਼ੋਨਾ ਸੀਟ ਤੋਂ ਡਾ. ਹੀਰਲ ਤਿਪਿਰਨੇਨੀ ਨੇ ਲੀਡ ਬਣਾਈ ਹੋਈ ਹੈ। ਸੂਬਾਈ ਪੱਧਰ ’ਤੇ ਦੋ ਹੋਰ ਭਾਰਤੀ ਅਮਰੀਕੀ ਚਿਹਰੇ ਹਨ, ਜਿਨ੍ਹਾਂ ਬਾਰੇ ਫ਼ੈਸਲੇ ਆਊਣੇ ਅਜੇ ਬਾਕੀ ਹਨ। ਇਨ੍ਹਾਂ ਵਿੱਚ ਨਿਊਜਰਸੀ ਸੂਬਾਈ ਸੈਨੇਟ ਤੋਂ ਰੁਪਾਂਦੇ ਮਹਿਤਾ ਤੇ ਪੈਨਸਿਲਵੇਨੀਆ ਆਡੀਟਰ ਜਨਰਲ ਲਈ ਨੀਨਾ ਅਹਿਮਦ ਚੋਣ ਮੈਦਾਨ ਵਿੱਚ ਹਨ।
-ਪੀਟੀਆਈ
ਨੌਜਵਾਨਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ
ਹਿਊਸਟਨ: ਅਮਰੀਕਾ ਵਿੱਚ ਛੋਟੀ ਊਮਰ ਦੇ ਵੋਟਰਾਂ ਵਲੋਂ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ ਹੈ। ਟੱਫਟਸ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ 18 ਤੋਂ 29 ਸਾਲ ਦੀ ਊਮਰ ਦੇ ਵੋਟਰਾਂ ਨੇ ਇਸ ਵਾਰ ਰਿਕਾਰਡ ਵੋਟਿੰਗ ਕੀਤੀ। ਟੈਕਸਸ ਸਾਊਦਰਨ ਯੂਨੀਵਰਸਿਟੀ ਦੇ ਜੂਨੀਅਰ ਮਰਾਹ ਕੈਂਪਬੈੱਲ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਤਾਜ਼ਾ ਘਟਨਾਵਾਂ, ਜਿਵੇਂ ਨਸਲੀ ਵਿਤਕਰਾ ਅਤੇ ਮਹਾਮਾਰੀ ਕਾਰਨ ਲੋਕ ਆਪਣੇ ਆਸ-ਪਾਸ ਅਤੇ ਵਿਸ਼ਵ ਵਿੱਚ ਵਾਪਰ ਰਹੀਆਂ ਘਟਨਾਵਾਂ ਵਿੱਚ ਵਧੇਰੇ ਦਿਲਚਸਪੀ ਲੈਣ ਲੱਗੇ ਹਨ ਅਤੇ ਇਸ ਦੇ ਨਾਲ ਹੀ ਊਹ ਅਜਿਹੇ ਆਗੂਆਂ ਦੀ ਚੋਣ ਕਰਨਾ ਲੋਚਦੇ ਹਨ, ਜੋ ਊਨ੍ਹਾਂ ਦੀ ਵਿਚਾਰਾਧਾਰਾ ਅਤੇ ਕਦਰਾਂ-ਕੀਮਤਾਂ ਨਾਲ ਮੇਲ ਖਾਂਦੇ ਹੋਣ।’’ ਫਸਵੇਂ ਮੁਕਾਬਲੇ ਵਾਲੇ 11 ਸੂਬਿਆਂ ਤੋਂ ਮਿਲੇ ਅੰਦਾਜ਼ਿਆਂ ਅਨੁਸਾਰ 47 ਤੋਂ 49 ਫ਼ੀਸਦ ਯੋਗ ਨੌਜਵਾਨ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।
-ਪੀਟੀਆਈ