ਮਾਰਟਿੰਸਬਰਗ (ਅਮਰੀਕਾ), 27 ਅਕਤੂਬਰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਊਮੀਦਵਾਰ ਜੋਅ ਬਾਇਡਨ ਅਤੇ ਊਪ-ਰਾਸ਼ਟਰਪਤੀ ਊਮੀਦਵਾਰ ਕਮਲਾ ਹੈਰਿਸ ਦਾ ਇਰਾਦਾ ਦੇਸ਼ ਨੂੰ ਸਮਾਜਵਾਦ ਦੀ ਰਾਹ ’ਤੇ ਲਿਜਾਣ ਦਾ ਹੈ। ਇਸ ਕਰਕੇ ਵੋਟਰਾਂ ਨੂੰ 3 ਨਵੰਬਰ ਦੀਆਂ ਚੋਣਾਂ ਦੌਰਾਨ ਅਜਿਹੀ ਵਿਚਾਰਧਾਰਾ ਨੂੰ ਮਾਤ ਦੇਣੀ ਚਾਹੀਦੀ ਹੈ।
ਮੁੜ ਰਾਸ਼ਟਰਪਤੀ ਚੁਣੇ ਜਾਣ ਲਈ ਰਿਪਬਲਿਕਨ ਪਾਰਟੀ ਦੇ ਊਮੀਦਵਾਰ ਟਰੰਪ (74) ਨੇ ਪੈਨਸਿਲਵੇਨੀਆ ਵਿੱਚ ਤਿੰਨ ਪ੍ਰਚਾਰ ਰੈਲੀਆਂ ਕੀਤੀਆਂ। ਟਰੰਪ ਨੇ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਤੁਹਾਨੂੰ ਅਮਰੀਕਾ ਵਿਰੋਧੀ ਕੱਟੜਾਂ ਨੂੰ ਰੋਕਣਾ ਪਵੇਗਾ। ਤੁਸੀਂ ਡੈਮੋਕ੍ਰੈਟਾਂ ਅਤੇ ਜੋਅ ਬਾਇਡਨ ਨੂੰ ਜਿੱਤਣ ਨਹੀਂ ਕੇ ਸਕਦੇ। ਇਹ ਕੇਵਲ ਹਾਰ ਨਹੀਂ, ਕਰਾਰੀ ਹਾਰ ਹੋਣੀ ਚਾਹੀਦੀ ਹੈ। ਸਮਾਜਵਾਦ ਨੂੰ ਫਿਟਕਾਰ ਹੋਣੀ ਚਾਹੀਦੀ ਹੈ।’’ ਕਰੀਬ 90 ਮਿੰਟ ਚੱਲੇ ਟਰੰਪ ਦੇ ਭਾਸ਼ਣ ਦੌਰਾਨ ਤਾੜੀਆਂ ਵੱਜਦੀਆਂ ਰਹੀਆਂ। ਟਰੰਪ ਨੇ ਕਿਹਾ, ‘‘ਜੇਕਰ ਬਾਇਡਨ ਜਿੱਤਦਾ ਹੈ, ਤਾਂ ਚੀਨ ਜਿੱਤਦਾ ਹੈ। ਜੇਕਰ ਅਸੀਂ ਜਿੱਤਦੇ ਹਾਂ, ਤਾਂ ਅਮਰੀਕਾ ਜਿੱਤਦਾ ਹੈ। ਜੇਕਰ ਮੈਂ ਵਾਸ਼ਿੰਗਟਨ ਦੇ ਆਮ ਸਿਆਸਤਦਾਨ ਵਰਗਾ ਨਹੀਂ ਜਾਪਦਾ, ਤਾਂ ਇਹ ਇਸ ਕਰਕੇ ਹੈ ਕਿਉਂਕਿ ਮੈਂ ਸਿਆਸਤਦਾਨ ਨਹੀਂ ਹਾਂ। -ਪੀਟੀਆਈ