ਵਾਸ਼ਿੰਗਟਨ, 9 ਜੁਲਾਈ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਅਫ਼ਗਾਨਿਸਤਾਨ ’ਚ ਅਮਰੀਕਾ ਦਾ ਲੱਗਪਗ ਸਾਲ ਲੰਬਾ ਫ਼ੌਜੀ ਮਿਸ਼ਨ 31 ਅਗਸਤ ਨੂੰ ਖ਼ਤਮ ਹੋ ਜਾਵੇਗਾ ਅਤੇ ਕਿਹਾ ਕਿ ਅਮਰੀਕਾ ਜੰਗ ਪ੍ਰਭਾਵਿਤ ਦੇਸ਼ ਵਿੱਚ ‘ਰਾਸ਼ਟਰ ਨਿਰਮਾਣ’ ਲਈ ਨਹੀਂ ਗਿਆ ਸੀ। ਅਮਰੀਕਾ ਦੀ ਸਭ ਤੋਂ ਲੰਬੀ ਜੰਗ ’ਚੋਂ ਅਮਰੀਕੀ ਸੈਨਿਕਾਂ ਨੂੰ ਵਾਪਸ ਸੱਦਣ ਦੇ ਆਪਣੇ ਫ਼ੈਸਲੇ ਦਾ ਦ੍ਰਿੜਤਾ ਨਾਲ ਬਚਾਅ ਕਰਦਿਆਂ ਬਾਇਡਨ ਨੇ ਕਿਹਾ ਕਿ ਭਾਵੇਂ ਅਮਰੀਕਾ ਦੇ ਜਿੰਨੇ ਮਰਜ਼ੀ ਸੈਨਿਕ ਅਫ਼ਗਾਨਿਸਤਾਨ ਵਿੱਚ ਰਹਿਣ ਪਰ ਉਥੋਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੱਢਿਆ ਜਾ ਸਕਦਾ। ਬਾਇਡਨ ਨੇ ਅੱਜ ਕੌਮੀ ਸੁਰੱਖਿਆ ਦਲ ਨਾਲ ਮੀਟਿੰਗ ਦੌਰਾਨ ਅਫ਼ਗਾਨਿਸਤਾਨ ਬਾਰੇ ਆਪਣੇ ਮੁੱਖ ਨੀਤੀ ਸੰਬੋਧਨ ’ਚ ਕਿਹਾ ਕਿ ਅਮਰੀਕਾ ਨੇ ਦੇਸ਼ ’ਚ ਆਪਣੇ ਟੀਚੇ ਪੂਰੇ ਕਰ ਲਏ ਹਨ ਅਤੇ ਫੌਜਾਂ ਦੀ ਵਾਪਸੀ ਲਈ ਇਹ ਸਹੀ ਸਮਾਂ ਹੈ। ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਅਫ਼ਗਾਨਿਸਤਾਨ ਵਿੱਚ ਸਾਡਾ ਮਿਸ਼ਨ 31 ਅਗਸਤ ਨੂੰ ਪੂਰਾ ਹੋ ਜਾਵੇਗਾ। ਫ਼ੌਜਾਂ ਦੀ ਵਾਪਸੀ ਦਾ ਕੰਮ ਸੁਰੱਖਿਅਤ ਅਤੇ ਵਧੀਆ ਤਰੀਕੇ ਨਾਲ ਹੋ ਰਿਹਾ ਹੈ, ਜਿਸ ਵਿੱਚ ਵਾਪਸ ਆ ਰਹੇ ਸਾਡੇ ਸੈਨਿਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ।’ ਉਨ੍ਹਾਂ ਕਿਹਾ, ‘ਅਸੀਂ ਅਫ਼ਗਾਨਿਸਤਾਨ ਵਿੱਚ ਰਾਸ਼ਟਰ ਨਿਰਮਾਣ ਲਈ ਨਹੀਂ ਗਏ ਸੀ, ਆਪਣੇ ਭਵਿੱਖ ਦਾ ਫ਼ੈਸਲਾ ਕਰਨ ਦਾ ਅਤੇ ਦੇਸ਼ ਨੂੰ ਕਿਵੇਂ ਚਲਾਉਣਾ ਹੈ, ਇਹ ਅਧਿਕਾਰ ਅਤੇ ਜ਼ਿੰਮੇਵਾਰੀ ਸਿਰਫ ਅਫ਼ਗਾਨ ਲੋਕਾਂ ਦੀ ਹੈ।’ -ਪੀਟੀਆਈ
ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਦੇ ਵੱਡੇ ਸ਼ਹਿਰਾਂ ਦੀ ਘੇਰਾਬੰਦੀ
ਕਾਬੁਲ: ਅਫ਼ਗਾਨਿਸਤਾਨ ’ਚੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਦੌਰਾਨ ਹੀ ਤਾਲਿਬਾਨ ਨੇ ਦੇਸ਼ ਦੇ ਵੱਡੇ ਸ਼ਹਿਰਾਂ ਵੱਲ ਵਧਣਾ ਸ਼ੁਰੂ ਕਰ ਦਿੱਤਾ ਅਤੇ ਖੇਤਰੀ ਰਾਜਧਾਨੀਆਂ ਨੇੜੇ ਅਫ਼ਗਾਨ ਸੁਰੱਖਿਆ ਬਲਾਂ ਨਾਲ ਉਨ੍ਹਾਂ ਦੀਆਂ ਲੜਾਈਆਂ ਹੋ ਰਹੀਆਂ ਹਨ। ਸੀਬੀਐੱਸ ਨਿਊਜ਼ ਦੀ ਰਿਪੋਰਟ ਮੁਤਾਬਕ ਅਫ਼ਗਾਨ ਕਮਾਂਡੋ ਯੂਨਿਟ ਦੇ ਦਸਤਿਆਂ ਨੇ ਵੀਰਵਾਰ ਨੂੰ ਪੱਛਮੀ ਅਫ਼ਗਾਨਿਸਤਾਨ ਦੇ ਬਦਗਿਸ ਸੂਬੇ ਦੀ ਰਾਜਧਾਨੀ ਨੇੜੇ ਗਸ਼ਤ ਕੀਤੀ। ਇੱਕ ਦਿਨ ਪਹਿਲਾਂ ਹੀ ਉਨ੍ਹਾਂ ਨੇ ਤਾਲਿਬਾਨ ਵੱਲੋਂ ਸ਼ਹਿਰ ਦਾਖ਼ਲ ਹੋਣ ਦੀ ਕੋਸ਼ਿਸ਼ ਨਾਕਾਮ ਬਣਾਈ ਸੀ। ਸ਼ੋਸਲ ਮੀਡੀਆ ’ਤੇ ਵਾਇਰਲ ਇੱਕ ਵੀਡੀਓ, ਜਿਸ ਦੀ ਪੁਸ਼ਟੀ ਨਹੀਂ ਹੋਈ, ਵਿੱਚ ਤਾਲਿਬਾਨ ਲੜਾਕੇ ਮੋਟਰਸਾਈਕਲਾਂ ’ਤੇ ਕਾਲਾ-ਏ-ਨਾਵ ਸ਼ਹਿਰ ਦੇ ਕੇਂਦਰ ਵੱਲ ਜਾਂਦੇ ਦਿਖਾਈ ਦੇ ਰਹੇ ਹਨ। ਰੱਖਿਆ ਅਧਿਕਾਰੀਆਂ ਨੇ ਸੀਬੀਐੱਸ ਨਿਊਜ਼ ਨੂੰ ਦੱਸਿਆ ਕਿ ਤਾਲਿਬਾਨ ਦਹਿਸ਼ਤਗਰਦ ਸੂਬਿਆਂ ਦੀਆਂ ਰਾਜਧਾਨੀਆਂ, ਜਿਵੇਂ ਕਲਾ-ਏ-ਨਾਵ ਆਦਿ ਦੇ ਆਲੇ ਦੁਆਲੇ ਫੈਲੇ ਹੋਏ ਹਨ ਤੇ ਅਮਰੀਕੀ ਫ਼ੌਜਾਂ ਦੇ ਦੇਸ਼ ’ਚ ਨਿਕਲਣ ਦੀ ਉਡੀਕ ਕਰ ਰਹੇ ਹਨ। -ਆਈਏਐੱਨਐੇੱਸ