ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਨਫ਼ਰਤੀ ਅਪਰਾਧਾਂ ਨਾਲ ਜੁੜੇ ਇਕ ਕਾਨੂੰਨ ’ਤੇ ਸਹੀ ਪਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਝ ਸਮੇਂ ਤੋਂ ਏਸ਼ਿਆਈ ਅਮਰੀਕੀਆਂ ਵਿਰੁੱਧ ਨਫ਼ਰਤੀ ਅਪਰਾਧ ਕਾਫ਼ੀ ਵਧ ਗਏ ਹਨ। ਬਾਇਡਨ ਨੇ ਆਸ ਜਤਾਈ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਵਧੇ ਅਜਿਹੇ ਅਪਰਾਧ ਹੁਣ ਹੋਰ ਸਟੀਕ ਢੰਗ ਨਾਲ ਗਿਣੇ ਜਾ ਸਕਣਗੇ ਤੇ ਰਿਪੋਰਟ ਕੀਤੇ ਜਾ ਸਕਣਗੇ। ਨਵੇਂ ਕਾਨੂੰਨ ਵਿਚ ਨਫ਼ਰਤੀ ਅਪਰਾਧਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਯੂਨਿਟ ਬਣਾਉਣ ਦੀ ਤਜਵੀਜ਼ ਹੈ। ਸੂਬਿਆਂ ਨੂੰ ਵੀ ਹੁਣ ਨਫ਼ਰਤੀ ਅਪਰਾਧਾਂ ਨਾਲ ਨਜਿੱਠਣ ਲਈ ਹੌਟਲਾਈਨ ਕਾਇਮ ਕਰਨ ਵਿਚ ਮਦਦ ਮਿਲੇਗੀ। ਜਿਨ੍ਹਾਂ ਲੋਕਾਂ ਦੀ ਅੰਗਰੇਜ਼ੀ ਵਿਚ ਜ਼ਿਆਦਾ ਮੁਹਾਰਤ ਨਹੀਂ ਹੈ, ਉਹ ਵੀ ਸਥਾਨਕ ਤੇ ਸੂਬਾਈ ਪੱਧਰ ਉਤੇ ਇਸ ਤੋਂ ਮਦਦ ਲੈ ਸਕਣਗੇ। ਕਾਨੂੰਨ ਤਹਿਤ ਸੂਬਾਈ ਤੇ ਸਥਾਨਕ ਏਜੰਸੀਆਂ ਨੂੰ ਸਿਖ਼ਲਾਈ ਦਿੱਤੀ ਜਾਵੇਗੀ ਤਾਂ ਕਿ ਉਹ ਕੇਸਾਂ ਦੀ ਸ਼ਨਾਖ਼ਤ ਕਰ ਕੇ ਜਾਂਚ ਕਰ ਸਕਣ। ਅਮਰੀਕੀ ਰਾਸ਼ਟਰਪਤੀ ਦੇ ਦਸਤਖ਼ਤਾਂ ਤੋਂ ਬਾਅਦ ਇਹ ਕਾਨੂੰਨ ਹੁਣ ਲਾਗੂ ਹੋ ਗਿਆ ਹੈ। ਇਸ ਤੋਂ ਪਹਿਲਾਂ ਪ੍ਰਤੀਨਿਧੀ ਸਭਾ ਨੇ ਸੈਨੇਟ ਵੱਲੋਂ ਮਨਜ਼ੂਰ ‘ਕੋਵਿਡ-19 ਹੇਟ ਕ੍ਰਾਈਮਜ਼ ਐਕਟ’ ਨੂੰ ਵੱਡੇ ਬਹੁਮਤ ਨਾਲ ਮਨਜ਼ੂਰੀ ਦਿੱਤੀ ਸੀ। -ਪੀਟੀਆਈ