ਵਾਸ਼ਿੰਗਟਨ, 24 ਜੁਲਾਈ
ਅਮਰੀਕਾ ਨੇ ਕਿਹਾ ਹੈ ਕਿ ਉਹ ਲੋਕ ਜਥੇਬੰਦੀਆਂ, ਸੱਤਾ ਦੇ ਆਲੋਚਕਾਂ ਤੇ ਪੱਤਰਕਾਰਾਂ ਖ਼ਿਲਾਫ਼ ਗ਼ੈਰਕਾਨੂੰਨੀ ਢੰਗ ਨਾਲ ਜਾਸੂਸੀ ਤਕਨੀਕ ਦੀ ਵਰਤੋਂ ਦੇ ਖ਼ਿਲਾਫ਼ ਹੈ। ਹਾਲਾਂਕਿ ਅਮਰੀਕਾ ਨੇ ਅਮਰੀਕਾ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਸ ਨੂੰ ਭਾਰਤ ’ਚ ਚੱਲ ਰਹੇ ਪੈਗਾਸਸ ਵਿਵਾਦ ਸਬੰਧੀ ਕੋਈ ਖਾਸ ਡੂੰਘੀ ਜਾਣਕਾਰੀ ਨਹੀਂ ਹੈ। ਭਾਰਤ ਸਮੇਤ ਕਈ ਮੁਲਕਾਂ ’ਚ ਨੇਤਾਵਾਂ, ਪੱਤਰਕਾਰਾਂ, ਮਨੁੱਖੀ ਅਧਿਕਾਰ ਕਾਰਕੁਨਾਂ ਤੇ ਹੋਰਨਾਂ ਲੋਕਾਂ ਦੀ ਕਥਿਤ ਜਾਸੂਸੀ ਲਈ ਪੈਗਾਸਸ ਸਾਫਟਵੇਅਰ ਦੀ ਵਰਤੋਂ ਨਾਲ ਨਿੱਜਤਾ ਨਾਲ ਸਬੰਧਤ ਮੁੱਦੇ ਨੂੰ ਲੈ ਕੇ ਚਿੰਤਾ ਵਧੀ ਹੈ। ਇੱਕ ਕੌਮਾਂਤਰੀ ਮੀਡੀਆ ਗਰੁੱਪ ਅਨੁਸਾਰ ਇਜ਼ਰਾਇਲੀ ਕੰਪਨੀ ਐੱਨਐੱਸਓ ਗਰੁੱਪ ਟੈਕਨਾਲੌਜੀ ਵੱਲੋਂ ਵੱਖ ਵੱਖ ਸਰਕਾਰਾਂ ਨੂੰ ਵੇਚੇ ਗਏ ਸਪਾਈਵੇਅਰ ਦਾ ਨਿਸ਼ਾਨਾ ਬਣੇ ਲੋਕਾਂ ’ਚ ਨੇਤਾ, ਮਨੁੱਖੀ ਹੱਕਾਂ ਬਾਰੇ ਕਾਰਕੁਨ ਤੇ ਪੱਤਰਕਾਰ ਸ਼ਾਮਲ ਹਨ।
ਦੱਖਣੀ ਤੇ ਮੱਧ ਏਸ਼ੀਆ ਮਾਮਲੇ ਦੇ ਕਾਰਜਕਾਰੀ ਸਹਾਇਕ ਮੰਤਰੀ ਡੀਨ ਥੌਂਪਸਨ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ‘ਲੋਕ ਜਥੇਬੰਦੀਆਂ ਜਾਂ ਸੱਤਾਂ ਤੇ ਆਲੋਚਕਾਂ ਜਾਂ ਪੱਤਰਕਾਰਾਂ ਜਾਂ ਕਿਸੇ ਵੀ ਵਿਅਕਤੀ ਖ਼ਿਲਾਫ਼ ਗ਼ੈਰਕਾਨੂੰਨੀ ਢੰਗ ਨਾਲ ਅਜਿਹੀ ਤਕਨੀਕ ਦੀ ਵਰਤੋਂ ਹਮੇਸ਼ਾ ਚਿੰਤਾ ਦਾ ਵਿਸ਼ਾ ਰਹੀ ਹੈ।’ ਭਾਰਤ ’ਚ ਪੈਗਾਸਸ ਜਾਸੂਸੀ ਮਾਮਲੇ ਬਾਰੇ ਪੁੱਛੇ ਜਾਣ ’ਤੇ ਥੌਂਪਸਨ ਨੇ ਕਿਹਾ, ‘ਮੈਨੂੰ ਭਾਰਤ ਦੇ ਮਾਮਲੇ ਬਾਰੇ ਕੋਈ ਖਾਸ ਡੂੰਘੀ ਜਾਣਕਾਰੀ ਨਹੀਂ ਹੈ। ਮੈਂ ਜਾਣਦਾ ਹਾਂ ਕਿ ਇਹ ਵੱਡਾ ਮੁੱਦਾ ਹੈ ਪਰ ਮੈਂ ਕਹਿਣਾ ਚਾਹਾਂਗਾ ਕਿ ਅਸੀਂ ਹਮੇਸ਼ਾ ਕਿਹਾ ਹੈ ਕਿ ਕੰਪਨੀਆਂ ਨੂੰ ਅਜਿਹੇ ਢੰਗ ਲੱਭਣੇ ਚਾਹੀਦੇ ਹਨ ਜਿਸ ਨਾਲ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੀ ਤਕਨੀਕ ਦੀ ਵਰਤੋਂ ਇਸ ਤਰ੍ਹਾਂ ਨਾ ਹੋਵੇ। ਅਸੀਂ ਲਗਾਤਾਰ ਇਹ ਮੁੱਦੇ ਚੁੱਕਦੇ ਰਹਾਂਗੇ।’
ਜ਼ਿਕਰਯੋਗ ਹੈ ਕਿ ਕੌਮਾਂਤਰੀ ਮੀਡੀਆ ਜਥੇਬੰਦੀ ਨੇ ਲੰਘੇ ਐਤਵਾਰ ਨੂੰ ਦੱਸਿਆ ਸੀ ਕਿ ਪੈਗਾਸਸ ਸਪਾਈਵੇਅਰ ਰਾਹੀਂ ਹੈਕਿੰਗ ਲਈ ਭਾਰਤ ਦੇ ਕਾਰੋਬਾਰੀਆਂ ਤੇ ਸਮਾਜਿਕ ਕਾਰਕੁਨਾਂ ਤੋਂ ਇਲਾਵਾ 40 ਤੋਂ ਵੱਧ ਪੱਤਰਕਾਰਾਂ, ਤਿੰਨ ਵਿਰੋਧੀ ਧਿਰ ਦੇ ਆਗੂਆਂ ਤੇ ਇੱਕ ਮੌਜੂਦਾ ਜੱਜ ਸਮੇਤ 300 ਤੋਂ ਵੱਧ ਮੋਬਾਈਲ ਫੋਨ ਨੰਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉੱਧਰ ਭਾਰਤ ਨੇ ਪੈਗਾਸਸ ਜਾਸੂਸੀ ਵਿਵਾਦ ਨਾਲ ਜੁੜੇ ਮੁੱਦੇ ਨੂੰ ਸਿਰੇ ਤੋਂ ਖਾਰਜ ਕਰਦਿਆਂ ਇਸ ਨੂੰ ਭਾਰਤੀ ਲੋਕਤੰਤਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਸੀ। -ਪੀਟੀਆਈ
ਪੈਗਾਸਸ ਜਿਹੀ ਤਕਨੀਕ ਕਾਰਨ ਲੱਖਾਂ ਲੋਕ ਸੁਰੱਖਿਅਤ: ਐੱਨਐੱਸਓ
ਯੇਰੂਸ਼ਲੇਮ: ਨਿਗਰਾਨੀ ਸਾਫ਼ਟਵੇਅਰ ਪੈਗਾਸਸ ਨੂੰ ਲੈ ਕੇ ਵਿਵਾਦਾਂ ਵਿਚਾਲੇ ਇਜ਼ਰਾਈਲ ਦੀ ਸਾਈਬਰ ਸੁਰੱਖਿਆ ਕੰਪਨੀ ਐੱਨਐੱਸਓ ਗਰੁੱਪ ਨੇ ਆਪਣਾ ਬਚਾਅ ਕਰਦਿਆਂ ਦਾਅਵਾ ਕੀਤਾ ਹੈ ਕਿ ਖੁਫੀਆ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਤਕਨੀਕ ਮੁਹੱਈਆ ਕਰਵਾਉਣ ਕਾਰਨ ਦੁਨੀਆ ’ਚ ਲੱਖਾਂ ਲੋਕ ਰਾਤ ਨੂੰ ਚੈਨ ਦੀ ਨੀਂਦ ਸੌਂਦੇ ਹਨ ਤੇ ਸੁਰੱਖਿਅਤ ਹਨ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਤਕਨੀਕ ਦਾ ਸੰਚਾਲਨ ਨਹੀਂ ਕਰਦੀ ਤੇ ਨਾ ਹੀ ਉਸ ਕੋਲ ਆਪਣੇ ਗਾਹਕਾਂ ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਤੱਕ ਪਹੁੰਚ ਹੈ। ਐੱਨਐੱਸਓ ਦੇ ਬੁਲਾਰੇ ਨੇ ਦਾਅਵਾ ਕੀਤਾ, ‘ਪੈਗਾਸਸ ਤੇ ਅਜਿਹੀ ਹੋਰ ਤਕਨੀਕ ਕਾਰਨ ਹੀ ਦੁਨੀਆ ’ਚ ਲੱਖਾਂ ਲੋਕ ਰਾਤ ਨੂੰ ਚੈਨ ਨਾਲ ਸੌਂਦੇ ਹਨ ਤੇ ਸੜਕਾਂ ’ਤੇ ਸੁਰੱਖਿਅਤ ਨਿਕਲਦੇ ਹਨ। ਅਜਿਹੀ ਤਕਨੀਕ ਨਾਲ ਖੁਫੀਆ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਐਨਕ੍ਰਿਪਟਿਡ ਐਪ ਤਹਿਤ ਲੁਕਾਈਆਂ ਗਈਆਂ ਸੂਚਨਾਵਾਂ ਦਾ ਪਤਾ ਲਾ ਕੇ ਅਪਰਾਧ, ਅਤਿਵਾਦੀ ਘਟਨਾਵਾਂ ਨੂੰ ਰੋਕਦੀਆਂ ਹਨ।’ ਕੰਪਨੀ ਨੇ ਕਿਹਾ, ‘ਦੁਨੀਆਂ ’ਚ ਕਈ ਹੋਰ ਸਾਈਬਰ ਖੁਫੀਆ ਕੰਪਨੀਆਂ ਦੇ ਨਾਲ ਨਾਲ ਐੱਨਐੱਸਓ ਸਰਕਾਰਾਂ ਨੂੰ ਸਾਈਬਰ ਸੁਰੱਖਿਆ ਉਪਕਰਨ ਮੁਹੱਈਆ ਕਰਵਾਉਂਦੀ ਹੈ ਕਿਉਂਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਮਜ਼ਬੂਤ ਪ੍ਰਣਾਲੀ ਨਹੀਂ ਹੁੰਦੀ ਤੇ ਮੈਸੇਜਿੰਗ ਤੇ ਸੋਸ਼ਲ ਮੀਡੀਆ ’ਤੇ ਸ਼ੱਕੀ ਤੱਤਾਂ ਦੀ ਨਿਗਰਾਨੀ ਪੱਕਾ ਹੱਲ ਨਹੀਂ ਹੈ।’ ਉਨ੍ਹਾਂ ਕਿਹਾ ਕਿ ਐੱਨਐੱਸਓ ਤਕਨੀਕ ਦਾ ਸੰਚਾਲਨ ਨਹੀਂ ਕਰਦੀ ਤੇ ਨਾ ਹੀ ਉਨ੍ਹਾਂ ਕੋਲ ਆਪਣੇ ਗਾਹਕਾਂ ਵੱਲੋਂ ਇਕੱਠੇ ਕੀਤੇ ਗਏ ਅੰਕੜੇ ਦੇਖਣ ਦੀ ਸਹੂਲਤ ਨਹੀਂ ਹੈ। ਉਨ੍ਹਾਂ ਕਿਹਾ, ‘ਅਸੀਂ ਇੱਕ ਸੁਰੱਖਿਅਤ ਦੁਨੀਆ ਬਣਾਉਣ ’ਚ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। -ਪੀਟੀਆਈ
ਪੈਗਾਸਸ ਰਾਹੀਂ 1400 ਵੱਟਸਐਪ ਵਰਤੋਂਕਾਰਾਂ ਨੂੰ ਵੀ ਬਣਾਇਆ ਗਿਆ ਸੀ ਨਿਸ਼ਾਨਾ
ਵਾਸ਼ਿੰਗਟਨ: ਦੁਨੀਆ ਦੇ ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਨੇ ਐੱਨਐੱਸਓ ਗਰੁੱਪ ਸਪਾਈਵੇਅਰ ਦੀ ਵਰਤੋਂ ਕਰਦਿਆਂ 2019 ’ਚ ਸੀਨੀਅਰ ਸਰਕਾਰੀ ਅਧਿਕਾਰੀਆਂ ਸਮੇਤ ਵੱਟਸਐਪ ਦੇ 1400 ਵਰਤੋਂਕਾਰਾਂ ਦੀ ਵੀ ਜਾਸੂਸੀ ਕਰਵਾਈ ਸੀ। ਵੱਟਸਐਪ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਿਲ ਕੈਥਕਾਰਟ ਨੇ ਇਹ ਖ਼ੁਲਾਸਾ ਕੀਤਾ ਹੈ। ‘ਦਿ ਗਾਰਡੀਅਨ’ ਦੀ ਰਿਪੋਰਟ ਮੁਤਾਬਕ ਕੈਥਕਾਰਟ ਨੇ ਕਿਹਾ ਕਿ 2019 ’ਚ ਵੱਟਸਐਪ ਵਰਤੋਂਕਾਰਾਂ ’ਤੇ ਹੋਏ ਹਮਲੇ ਪੈਗਾਸਸ ਪ੍ਰਾਜੈਕਟ ਨਾਲ ਮੇਲ ਖਾਂਦੇ ਹਨ ਅਤੇ ਉਨ੍ਹਾਂ ਐੱਨਐੱਸਓ ਖ਼ਿਲਾਫ਼ ਕੇਸ ਕੀਤਾ ਹੋਇਆ ਹੈ। ਉਸ ਸਮੇਂ ਕਈ ਅਹਿਮ ਹਸਤੀਆਂ ਦੇ ਵੱਡੇ ਪੱਧਰ ’ਤੇ ਡੇਟਾ ਲੀਕ ਹੋਣ ਦੇ ਦੋਸ਼ ਲੱਗੇ ਸਨ। ‘ਦਿ ਗਾਰਡੀਅਨ’ ਨੂੰ ਦਿੱਤੇ ਇੰਟਰਵਿਊ ’ਚ ਕੈਥਕਾਰਟ ਨੇ ਕਿਹਾ,‘‘ਜਾਸੂਸੀ ਸਬੰਧੀ ਇਹ ਹਮਲੇ ਬਿਲਕੁਲ ਦੋ ਸਾਲ ਪਹਿਲਾਂ ਸਾਡੇ ਵਰਤੋਂਕਾਰਾਂ ’ਤੇ ਡੇਟਾ ਲੀਕ ਨਾਲ ਮੇਲ ਖਾਂਦੇ ਹਨ। ਉਸ ਸਮੇਂ ਅਸੀਂ ਜਾਸੂਸੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ।’’ ਵੱਟਸਐਪ ਮੁਤਾਬਕ ਉਨ੍ਹਾਂ ਦੇ ਵਰਤੋਂਕਾਰਾਂ ’ਚ ਸ਼ਾਮਲ ਸੀਨੀਅਰ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਪੱਤਰਕਾਰਾਂ ਅਤੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਨੂੰ ਵੀ 2019 ’ਚ ਨਿਸ਼ਾਨਾ ਬਣਾਇਆ ਗਿਆ ਸੀ। ਕੈਥਕਾਰਟ ਨੇ ਕਿਹਾ ਕਿ ਐੱਨਐੱਸਓ ਗਰੁੱਪ ਵੱਲੋਂ ਵੱਟਸਐਪ ਸੇਵਾ ਰਾਹੀਂ ਲੋਕਾਂ ਦੇ ਫੋਨਾਂ ਦੀ ਜਾਸੂਸੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਵੱਟਸਐਪ ਦੇ ਸੀਈਓ ਨੇ ਕਿਹਾ ਕਿ ਜਾਸੂਸੀ ਦਾ ਸ਼ਿਕਾਰ ਬਣਨ ਵਾਲੇ ਲੋਕਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ। ਇਸੇ ਕਾਰਨ ਉਨ੍ਹਾਂ ਇਸ ਮੁੱਦੇ ਨੂੰ ਉਠਾਉਣਾ ਜ਼ਰੂਰੀ ਸਮਝਿਆ। ‘ਦਿ ਗਾਰਡੀਅਨ’ ਨੇ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਵੱਟਸਐਪ ਕੋਲ ਐੱਨਐੱਸਓ ਸਰਵਰ ਵੱਲੋਂ ਵਰਤੋਂਕਾਰਾਂ ਦੇ ਫੋਨਾਂ ’ਤੇ ਮਾਲਵੇਅਰ ਸਥਾਪਤ ਕਰਨ ਦੀ ਕੋਸ਼ਿਸ਼ ਦੇ ਸਬੂਤ ਹਨ। ਵੱਟਸਐਪ ਨੇ ਦੋ ਸਾਲ ਪਹਿਲਾਂ ਐਲਾਨ ਕੀਤਾ ਸੀ ਕਿ 1400 ਵਿਅਕਤੀਆਂ ’ਚੋਂ 100 ਪੱਤਰਕਾਰ, ਮਨੁੱਖੀ ਹੱਕਾਂ ਦੇ ਰਾਖੇ ਅਤੇ ਕਾਰਕੁਨ ਸ਼ਾਮਲ ਸਨ। ਰਿਪੋਰਟ ਮੁਤਾਬਕ ਕੈਥਕਾਰਟ ਨੇ ਕਿਹਾ ਕਿ ਉਨ੍ਹਾਂ ਵੱਟਸਐਪ ਵਰਤੋਂਕਾਰਾਂ ਖ਼ਿਲਾਫ਼ ਹਮਲਿਆਂ ਬਾਰੇ ਕਈ ਮੁਲਕਾਂ ਦੀਆਂ ਸਰਕਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਸੀ। ਉਨ੍ਹਾਂ ਸਰਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਸਪਾਈਵੇਅਰ ਬਣਾਉਣ ਵਾਲਿਆਂ ਦੀ ਜਵਾਬਦੇਹੀ ਤੈਅ ਕਰਨ ’ਚ ਸਹਾਇਤਾ ਪ੍ਰਦਾਨ ਕਰਨ। ਉਧਰ ਇਜ਼ਰਾਇਲੀ ਸਪਾਈਵੇਅਰ ਬਣਾਉਣ ਵਾਲੇ ਨੇ ਦਾਅਵਾ ਕੀਤਾ ਹੈ ਕਿ ਲੀਕ ਹੋਏ ਡੇਟਾ ’ਚ ਸੰਭਾਵੀ ਵਿਅਕਤੀਆਂ ਦੇ ਨਾਮ ਵੀ ਸ਼ਾਮਲ ਹਨ। ਐੱਨਐੱਸਓ ਨੇ ਕਿਹਾ ਕਿ 50 ਹਜ਼ਾਰ ਵਿਅਕਤੀਆਂ ਦੀ ਜਾਸੂਸੀ ਕਰਾਉਣ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ ਅਤੇ ਪੈਗਾਸਸ ਵੱਲੋਂ ਇੰਨੀ ਵੱਡੀ ਗਿਣਤੀ ’ਚ ਵਿਅਕਤੀਆਂ ਦੀ ਜਾਸੂਸੀ ਕਰਾਉਣਾ ਮੁਸ਼ਕਲ ਹੈ। ਐੱਨਐੱਸਓ ਦੇ ਮੁਖੀ ਸ਼ਾਲੇਵ ਹੂਲੀਓ ਨੇ ਦਾਅਵਾ ਕੀਤਾ ਕਿ ਐੱਨਐੱਸਓ ਦੇ ਗਾਹਕਾਂ ਦੇ ਆਖਣ ’ਤੇ ਔਸਤਨ 100 ਕੁ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਕੰਪਨੀ ਸਿਰਫ਼ 40 ਤੋਂ 45 ਮੁਲਕਾਂ ’ਚ ਸਪਾਈਵੇਅਰ ਵੇਚਦੀ ਹੈ। -ਆਈਏਐਨਐਸ
ਅਮਰੀਕੀ ਵਿਦੇਸ਼ ਮੰਤਰੀ ਦਾ ਭਾਰਤ ਦੌਰਾ ਅਗਲੇ ਹਫ਼ਤੇ
ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਗਲੇ ਹਫ਼ਤੇ ਭਾਰਤ ਦੇ ਦੌਰੇ ਉਤੇ ਆ ਰਹੇ ਹਨ। ਇਸ ਦੌਰਾਨ ਹੋਣ ਵਾਲੀ ਗੱਲਬਾਤ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ, ਰੱਖਿਆ ਤੇ ਅਤਿਵਾਦ ਵਿਰੋਧੀ ਕਾਰਵਾਈਆਂ, ਅਫ਼ਗਾਨਿਸਤਾਨ ਦੀ ਸਥਿਤੀ, ਕੁਆਡ, ਕੋਵਿਡ-19 ਤੇ ਜਲਵਾਯੂ ਤਬਦੀਲੀ ਜਿਹੇ ਮੁੱਦਿਆਂ ਦੁਆਲੇ ਕੇਂਦਰਿਤ ਹੋਵੇਗੀ। ਅਮਰੀਕਾ ਦੇ ਵਿਦੇਸ਼ ਮੰਤਰੀ ਦਾ ਇਹ ਪਹਿਲਾ ਭਾਰਤ ਦੌਰਾ ਹੈ ਤੇ ਉਹ 27 ਜੁਲਾਈ ਨੂੰ ਨਵੀਂ ਦਿੱਲੀ ਪੁੱਜਣਗੇ।