ਵਾਸ਼ਿੰਗਟਨ, 11 ਅਪਰੈਲ
ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਆਪਣੇ ਫ਼ਿਲਪੀਨੀ ਹਮਰੁਤਬਾ ਨਾਲ ਦੱਖਣੀ ਚੀਨ ਸਾਗਰ ਵਿਚ ਫ਼ਿਲਪੀਨਜ਼ ਨੇੜੇ ਚੀਨ ਦੇ ਜੰਗੀ ਸਮੁੰਦਰੀ ਜਹਾਜ਼ਾਂ ਦੀ ਮੌਜੂਦਗੀ ਬਾਰੇ ਵਿਚਾਰ-ਚਰਚਾ ਕੀਤੀ ਹੈ। ਆਸਟਿਨ ਨੇ ਫੋਨ ’ਤੇ ਫਿਲਪੀਨਜ਼ ਦੇ ਕੌਮੀ ਰੱਖਿਆ ਸਕੱਤਰ ਡੈਲਫਿਨ ਲੌਰੇਨਜ਼ਾਨਾ ਨਾਲ ਗੱਲਬਾਤ ਕਰਦਿਆਂ ਰੱਖਿਆ ਤਾਲਮੇਲ ਨੂੰ ਗਹਿਰਾ ਕਰਨ ਦੀ ਤਜਵੀਜ਼ ਪੇਸ਼ ਕੀਤੀ। ਦੱਸਣਯੋਗ ਹੈ ਕਿ ਮਨੀਲਾ ਨੇ ਚੀਨ ਦੀ ਆਲੋਚਨਾ ਕੀਤੀ ਸੀ ਤੇ ਚੀਨ ਨੇ ਕਿਹਾ ਸੀ ਕਿ ਇਸ ਦੇ ਜਹਾਜ਼ ਉੱਥੇ ਮੱਛੀ ਫੜਨ ਲਈ ਆਏ ਸਨ। ਅਮਰੀਕੀ ਰੱਖਿਆ ਹੈੱਡਕੁਆਰਟਰ ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਦੱਸਿਆ ਕਿ ਦੋਵਾਂ ਆਗੂਆਂ ਨੇ ਦੱਖਣੀ ਚੀਨ ਸਾਗਰ ਵਿਚ ਨਿਗਰਾਨੀ ਵਧਾਉਣ ’ਤੇ ਚਰਚਾ ਕੀਤੀ। ਜੌਹਨ ਨੇ ਦੱਸਿਆ ਕਿ ਇਸੇ ਹਫ਼ਤੇ ਅਮਰੀਕੀ ਬੇੜੇ ਯੂਐੱਸਐੱਸ ਥਿਓਡੋਰ ਰੂਜ਼ਵੈਲਟ ਤੇ ਯੂਐੱਸਐੱਸ ਮੈਕਿਨ ਆਈਲੈਂਡ ਵੀ ਦੱਖਣੀ ਚੀਨ ਸਾਗਰ ਵਿਚ ਹੀ ਸਰਗਰਮ ਸਨ। ਅਮਰੀਕਾ ਦਾ ਫ਼ਿਲਹਾਲ ਫਿਲਪੀਨਜ਼ ਵਿਚ ਕੋਈ ਪੱਕਾ ਫ਼ੌਜੀ ਬੇਸ ਨਹੀਂ ਹੈ। -ਏਪੀ