ਵਾਸ਼ਿੰਗਟਨ, 25 ਜੂਨ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਪਿਛਲੇ ਕੁਝ ਦਹਾਕਿਆਂ ਦੇ ਸਭ ਤੋਂ ਅਹਿਮ ਬਿੱਲ ਮੰਨੇ ਜਾ ਰਹੇ ‘ਬੰਦੂਕ ਹਿੰਸਾ ਰੋਕੂ ਬਿੱਲ’ ਉੱਤੇ ਦਸਤਖ਼ਤ ਕਰ ਦਿੱਤੇ ਹਨ। ਇਹ ਫੈਸਲਾ ਦੇਸ਼ ਦੇ ਟੈਕਸਾਸ ਵਿੱਚ ਇੱਕ ਪ੍ਰਾਇਮਰੀ ਸਕੂਲ ਵਿੱਚ ਇੱਕ ਬੰਦੂਕਧਾਰੀ ਵੱਲੋਂ 19 ਵਿਦਿਆਰਥੀਆਂ ਅਤੇ ਦੋ ਅਧਿਆਪਕਾਂ ਦੇ ਹੱਤਿਆ ਸਣੇ ਹਾਲ ’ਚ ਹੋਈਆਂ ਗੋਲੀਬਾਰੀ ਦੀਆਂ ਲੜੀਵਾਰ ਘਟਨਾਵਾਂ ਮਗਰੋਂ ਕੀਤਾ ਗਿਆ ਹੈ। ਇਨ੍ਹਾਂ ਘਟਨਾਵਾਂ ਮਗਰੋਂ ਦੇਸ਼ ਵਿੱਚ ਹਥਿਆਰ ਖ਼ਰੀਦਣ ਸਬੰਧੀ ਸਖ਼ਤ ਕਾਨੂੰਨ ਲਈ ਸਰਕਾਰ ’ਤੇ ਦਬਾਅ ਸੀ। ਬਾਇਡਨ ਨੇ ਬਿੱਲ ’ਤੇ ਦਸਤਖ਼ਤ ਕਰਨ ਮਗਰੋਂ ਵ੍ਹਾਈਟ ਹਾਊਸ ਵਿੱਚ ਕਿਹਾ, ‘‘ਇਸ ਨਾਲ ਲੋਕਾਂ ਦੀ ਜ਼ਿੰਦਗੀ ਦੀ ਰੱਖਿਆ ਹੋਵੇਗੀ। ਗੋਲੀਬਾਰੀ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦਾ ਸੁਨੇਹਾ ਸੀ ਕਿ ਅਸੀਂ ਕੁਝ ਕਰੀਏ। ਅੱਜ ਅਸੀਂ ਇਹ ਕਰ ਦਿੱਤਾ ਹੈ।’’ ਦੋਵਾਂ ਸਦਨਾਂ ਵਿੱਚੋਂ ਮਨਜ਼ੂਰੀ ਵਿੱਚੋਂ ਬਿੱਲ ਨੂੰ ਮਨਜ਼ੂਰੀ ਮਿਲਣ ਮਗਰੋਂ ਰਾਸ਼ਟਰਪਤੀ ਵੱਲੋਂ ਦਸਤਖਤ ਕੀਤੇ ਜਾਣ ਨਾਲ ਇਹ ਬਿੱਲ ਇੱਕ ਕਾਨੂੰਨ ਬਣ ਗਿਆ ਹੈ। ਤੇਰਾਂ ਅਰਬ ਡਾਲਰ ਦੇ ਇਸ ਬਿੱਲ ਤਹਿਤ ਘੱਟ ਉਮਰ (18 ਤੋਂ 20 ਸਾਲ) ਦੇ ਬੰਦੂਕ ਖਰੀਦਦਾਰਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ ਅਤੇ ਸੂਬਿਆਂ ਨੂੰ ਖ਼ਤਰਨਾਕ ਸਮਝੇ ਜਾਣ ਵਾਲੇ ਲੋਕਾਂ ਤੋਂ ਹਥਿਆਰ ਵਾਪਸ ਲੈਣ ਦਾ ਅਧਿਕਾਰ ਮਿਲ ਜਾਵੇਗਾ। -ਪੀਟੀਆਈ