ਵਾਸ਼ਿੰਗਟਨ, 5 ਨਵੰਬਰ
ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਊਮੀਦਵਾਰ ਤੇ ਮੌਜੂਦਾ ਸਦਰ ਡੋਨਲਡ ਟਰੰਪ ਅਤੇ ਊਨ੍ਹਾਂ ਦੇ ਡੈਮੋਕ੍ਰੇਟਿਕ ਵਿਰੋਧੀ ਜੋਅ ਬਾਇਡਨ ਵਿਚਾਲੇ ਜਾਰੀ ਸਖ਼ਤ ਮੁਕਾਬਲੇ ਦੇ ਸਪੱਸ਼ਟ ਜੇਤੂ ਬਾਰੇ ਜਾਣਨ ਲਈ ਅਜੇ ਅਮਰੀਕੀਆਂ ਨੂੰ ਕੁਝ ਸਮਾਂ ਹੋਰ ਉਡੀਕ ਕਰਨੀ ਹੋਵੇਗੀ। ਕੁਝ ਸੂਬਿਆਂ ਦੇ ਅੰਤਿਮ ਨਤੀਜੇ ਆਊਣੇ ਅਜੇ ਬਾਕੀ ਹਨ, ਪਰ ਕੁਲ ਮਿਲਾ ਕੇ ਹਾਲ ਦੀ ਘੜੀ ਬਾਇਡਨ ਦਾ ਹੱਥ ਉਪਰ ਹੈ। ਇਨ੍ਹਾਂ ਸੂਬਿਆਂ ਵਿੱਚ ਕਰੋਨਾਵਾਇਰਸ ਮਹਾਮਾਰੀ ਕਾਰਨ ਡਾਕ ਰਾਹੀਂ ਪ੍ਰਾਪਤ ਹੋਈਆਂ ਵੋਟਾਂ ਦੀ ਗਿਣਤੀ ਅਜੇ ਜਾਰੀ ਹੈ। ਅਮਰੀਕੀ ਮੀਡੀਆ ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਮੁਕੰਮਲ ਹੋਣ ਤੋਂ ਦੋ ਦਿਨ ਬਾਅਦ ਬਾਇਡਨ 264 ਇਲੈਕਟੋਰਲ ਵੋਟਾਂ ਨਾਲ 270 ਦੇ ਕ੍ਰਿਸ਼ਮਈ ਅੰਕੜੇ ਦੇ ਨੇੜੇ ਢੁੱਕ ਗਏ ਹਨ ਜਦਕਿ ਟਰੰਪ ਨੇ ਅਜੇ ਤੱਕ 214 ਵੋਟਾਂ ਪ੍ਰਾਪਤ ਕੀਤੀਆਂ ਹਨ। ਚਾਰ ਸੂਬਿਆਂ -ਜੌਰਜੀਆ, ਪੈਨਸਿਲਵੇਨੀਆ, ਨਾਰਥ ਕੈਰੋਲੀਨਾ ਅਤੇ ਨੇਵਾਡਾ ਵਿੱਚ ਨਤੀਜੇ ਐਲਾਨੇ ਜਾਣੇ ਅਜੇ ਬਾਕੀ ਹਨ ਕਿਉਂਕਿ ਇਨ੍ਹਾਂ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। -ਪੀਟੀਆਈ