ਵਾਸ਼ਿੰਗਟਨ, 5 ਨਵੰਬਰ
ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਊਮੀਦਵਾਰ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਊਨ੍ਹਾਂ ਦੇ ਡੈਮੋਕ੍ਰੇਟਿਕ ਵਿਰੋਧੀ ਜੋਅ ਬਾਇਡਨ ਵਿਚਾਲੇ ਸਖ਼ਤ ਮੁਕਾਬਲੇ ਦੇ ਸਪੱਸ਼ਟ ਜੇਤੂ ਬਾਰੇ ਜਾਣਨ ਲਈ ਅਜੇ ਅਮਰੀਕੀਆਂ ਨੂੰ ਕੁਝ ਸਮਾਂ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਕੁਝ ਸੂਬਿਆਂ ਦੇ ਅੰਤਿਮ ਨਤੀਜੇ ਆਊਣੇ ਅਜੇ ਬਾਕੀ ਹਨ। ਇਨ੍ਹਾਂ ਸੂਬਿਆਂ ਵਿੱਚ ਕਰੋਨਾਵਾਇਰਸ ਮਹਾਮਾਰੀ ਕਾਰਨ ਡਾਕ ਰਾਹੀਂ ਪ੍ਰਾਪਤ ਹੋਈਆਂ ਵੋਟਾਂ ਦੀ ਗਿਣਤੀ ਅਜੇ ਜਾਰੀ ਹੈ।
ਅਮਰੀਕੀ ਮੀਡੀਆ ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਮੁਕੰਮਲ ਹੋਣ ਤੋਂ ਦੋ ਦਿਨ ਬਾਅਦ ਬਾਇਡਨ 264 ਚੁਣਾਵੀ ਵੋਟਾਂ ਨਾਲ 270 ਦੇ ਕ੍ਰਿਸ਼ਮਈ ਅੰਕੜੇ ਦੇ ਕਰੀਬ ਪਹੁੰਚ ਗਏ ਹਨ ਜਦਕਿ ਟਰੰਪ ਨੇ ਅਜੇ ਤੱਕ 214 ਵੋਟਾਂ ਪ੍ਰਾਪਤ ਕੀਤੀਆਂ ਹਨ। ਚਾਰ ਸੂਬਿਆਂ -ਜੌਰਜੀਆ, ਪੈਨਸਿਲਵੇਨੀਆ, ਨਾਰਥ ਕੈਰੋਲੀਨਾ ਅਤੇ ਨੇਵਾਡਾ ਵਿੱਚ ਨਤੀਜੇ ਐਲਾਨੇ ਜਾਣੇ ਅਜੇ ਬਾਕੀ ਹਨ ਕਿਉਂਕਿ ਇਨ੍ਹਾਂ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਦੱਸਣਯੋਗ ਹੈ ਕਿ ਅਮਰੀਕਾ ਦੀਆਂ ਚੋਣਾਂ ਵਿੱਚ ਵੋਟਰ ਇੱਕ ਕੌਮੀ ਪੱਧਰ ਦੇ ਮੁਕਾਬਲੇ ਦੀ ਬਜਾਏ ਸੂਬਾ-ਪੱਧਰ ’ਤੇ ਮੁਕਾਬਲਿਆਂ ਦਾ ਫ਼ੈਸਲਾ ਕਰਦੇ ਹਨ। ਅਮਰੀਕਾ ਦੇ ਹਰੇਕ ਸੂਬੇ ਨੂੰ ਵਸੋਂ ਦੇ ਹਿਸਾਬ ਨਾਲ ਚੁਣਾਵੀ ਹਲਕੇ ਦੀਆਂ ਵੋਟਾਂ ਮਿਲਦੀਆਂ ਹਨ, ਜਿਸ ਨਾਲ ਦੇਸ਼ ਭਰ ਦੀਆਂ ਕੁੱੱਲ ਚੁਣਾਵੀ ਵੋਟਾਂ ਦੀ ਗਿਣਤੀ 538 ਹੁੰਦੀ ਹਨ। ਜਿੱਤਣ ਲਈ 270 ਵੋਟਾਂ ਲਾਜ਼ਮੀ ਹਨ। ਇਸ ਕ੍ਰਿਸ਼ਮਈ ਅੰਕੜੇ ਤੱਕ ਪੁੱਜਣ ਲਈ ਟਰੰਪ ਨੂੰ ਫਸਵੀਂ ਟੱਕਰ ਵਾਲੇ ਚਾਰੇ ਸੂਬਿਆਂ- ਜੌਰਜੀਆ, ਪੈਨਸਿਲਵੇਨੀਆ, ਨਾਰਥ ਕੈਰੋਲੀਨਾ ਅਤੇ ਨੇਵਾਡਾ ਵਿੱਚ ਚੋਣਾਂ ਜਿੱਤਣੀਆਂ ਪੈਣਗੀਆਂ। ਜੌਰਜੀਆ ਵਿੱਚ ਹਾਲੇ ਤੱਕ ਕਰੀਬ 90,375 ਵੋਟਾਂ ਦੀ ਗਿਣਤੀ ਬਾਕੀ ਹੈ। ਸੂਬੇ ਦੀਆਂ 16 ਚੁਣਾਵੀ ਵੋਟਾਂ ਹਨ। ਕੁੱਲ 20 ਚੁਣਾਵੀ ਵੋਟਾਂ ਵਾਲੇ ਸੂਬੇ ਪੈਨਸਿਲਵੇਨੀਆ ਵਿੱਚ ਅਜੇ 7,63,000 ਵੋਟਾਂ ਦੀ ਗਿਣਤੀ ਬਾਕੀ ਹੈ।
-ਪੀਟੀਆਈ