ਵਾਸ਼ਿੰਗਟਨ, 4 ਫਰਵਰੀ
ਸੀਰੀਆ ਵਿਚ ਅਮਰੀਕੀ ਵਿਸ਼ੇਸ਼ ਬਲਾਂ ਵੱਲੋਂ ਰਾਤ ਭਰ ਮਾਰੇ ਗਏ ਛਾਪਿਆਂ ਦੌਰਾਨ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ ਦੇ ਆਗੂ ਦੀ ਮੌਤ ਹੋ ਗਈ। ਅਬੂ ਇਬਰਾਹਿਮ ਅਲ-ਹਾਸ਼ਮੀ ਅਲ-ਕੁਰੈਸ਼ੀ ਨੇ ਦੇਸ਼ ਦੇ ਉੱਤਰ-ਪੱਛਮੀ ਇਦਬਿਲ ਪ੍ਰਾਂਤ ਵਿਚ ਆਪਣੇ ਕੰਪਲੈਕਸ ਵਿਚ ਇਕ ਬੰਬ ਧਮਾਕਾ ਕਰ ਕੇ ਖ਼ੁਦ ਨੂੰ ਖ਼ਤਮ ਕਰ ਲਿਆ। ਧਮਾਕੇ ਵਿਚ ਬੱਚਿਆਂ ਸਣੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਵੀ ਮੌਤ ਹੋ ਗਈ। ਅਮਰੀਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਬੀਬੀਸੀ ਦੀ ਰਿਪੋਰਟ ਅਨੁਸਾਰ ਇਹ ਛਾਪਾ ਇਦਬਿਲ ਦੇ ਉੱਤਰੀ ਹਿੱਸੇ ਵਿਚ ਸਥਿਤ ਕਸਬਾ ਅਤਮੇਹ ਦੇ ਬਾਹਰਵਾਰ ਇਕ ਤਿੰਨ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿਚ ਮਾਰਿਆ ਗਿਆ। ਇਹ ਕਸਬਾ ਤੁਰਕੀ ਦੀ ਸਰਹੱਦ ਦੇ ਕੋਲ ਹੈ। ਇੱਥੇ ਜੇਹਾਦੀ ਸਮੂਹਾਂ ਦਾ ਕਾਫੀ ਦਬਦਬਾ ਹੈ ਜੋ ਕਿ ਇਸਲਾਮਿਕ ਸਟੇਟ ਦੇ ਕੱਟੜ ਵਿਰੋਧੀ ਹਨ। ਉੱਧਰ, ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਔਸਟਿਨ ਨੇ ਕਿਹਾ, ‘‘ਸਾਡੇ ਸੈਨਿਕਾਂ ਦੀ ਤਿਆਰੀ ਅਤੇ ਅਭਿਆਸ ਕਾਰਨ ਅਸੀਂ ਇਹ ਕਰਨ ਵਿਚ ਸਫ਼ਲ ਰਹੇ।’’
ਔਸਟਿਨ ਨੇ ਦੱਸਿਆ ਕਿ ਅਬੂ ਇਬਰਾਹਿਮ ਅਲ-ਹਾਸ਼ਿਮੀ ਅਲ-ਕੁਰੈਸ਼ੀ ਨੂੰ ਹਾਜੀ ਅਬਦੁੱਲਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਜੋ ਕਿ 2019 ਵਿਚ ਅਮਰੀਕੀ ਛਾਪੇ ਵਿਚ ਅਬੂ ਬਕਰ ਅਲ-ਬਗਦਾਦੀ ਦੀ ਮੌਤ ਤੋਂ ਬਾਅਦ ਇਸਲਾਮਿਕ ਸਟੇਟ ਦਾ ਆਗੂ ਬਣਿਆ ਸੀ। -ਏਜੰਸੀ