ਵਾਸ਼ਿੰਗਟਨ, 24 ਜੂਨ
ਅਮਰੀਕੀ ਰਾਜ ਨਿਊ ਮੈਕਸਿਕੋ ਦੇ ਸਾਂਤਾ ਫੇ ਸ਼ਹਿਰ ’ਚ ਇਕ ਸਿੱਖ ਦੇ ਰੈਸਤਰਾਂ ਦੀ ਤੋੜ-ਭੰਨ੍ਹ ਕਰ ਕੇ ਉੱਥੇ ਨਫ਼ਰਤੀ ਸੁਨੇਹੇ ਲਿਖ ਦਿੱਤੇ ਗਏ ਹਨ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਬਲਜੀਤ ਸਿੰਘ ਦੇ ‘ਇੰਡੀਆ ਪੈਲੇਸ ਰੈਸਟੋਰੈਂਟ’ ਨੂੰ ਕਰੀਬ ਇਕ ਲੱਖ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਮਾਮਲੇ ਦੀ ਐਫਬੀਆਈ ਤੇ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
‘ਦੀ ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ’ ਸੰਗਠਨ ਨੇ ਘਟਨਾ ਦੀ ਨਿਖੇਧੀ ਕੀਤੀ ਹੈ। ਸਿੱਖ ਸੰਗਠਨ ਦੀ ਕਾਰਜਕਾਰੀ ਡਾਇਰੈਕਟਰ ਕਿਰਨ ਕੌਰ ਗਿੱਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਨਫ਼ਰਤ ਤੇ ਹਿੰਸਾ ਸਵੀਕਾਰ ਨਹੀਂ ਕੀਤੀ ਜਾ ਸਕਦੀ। ਸਾਰੇ ਅਮਰੀਕੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੇਜ਼ੀ ਨਾਲ ਕਦਮ ਚੁੱਕਣੇ ਚਾਹੀਦੇ ਹਨ। ਵੇਰਵਿਆਂ ਮੁਤਾਬਕ ਰੈਸਤਰਾਂ ਵਿਚ ਮੇਜ਼ ਪਲਟਾ ਦਿੱਤੇ ਗਏ, ਗਲਾਸ ਤੋੜ ਦਿੱਤਾ ਗਿਆ, ਵਾਈਨ ਰੈਕ ਵੀ ਖਾਲੀ ਕਰ ਦਿੱਤੇ ਗਏ, ਕੰਪਿਊਟਰ ਚੋਰੀ ਕਰਨ ਸਣੇ ਹੋਰ ਤੋੜ-ਭੰਨ੍ਹ ਕੀਤੀ ਗਈ। ਇਸ ਤੋਂ ਇਲਾਵਾ ਰਸੋਈ ਦਾ ਵੀ ਬਹੁਤ ਨੁਕਸਾਨ ਕੀਤਾ ਗਿਆ ਹੈ। ਬਲਜੀਤ ਸਿੰਘ ਨੇ ਦੱਸਿਆ ਕਿ ਕੰਧਾਂ, ਦਰਵਾਜ਼ਿਆਂ ਤੇ ਕਾਊਂਟਰ ਉਤੇ ‘ਵਾਈਟ ਪਾਵਰ’, ‘ਟਰੰਪ 2020’, ‘ਗੋ ਹੋਮ’ ਲਿਖਿਆ ਹੋਇਆ ਹੈ। ਕੁਝ ਸਤਰਾਂ ਨਸਲੀ ਨਫ਼ਰਤ ਤੇ ਹਿੰਸਾ ਨਾਲ ਡਰਾਉਣ-ਧਮਕਾਉਣ ਵੱਲ ਵੀ ਸੰਕੇਤ ਕਰਦੀਆਂ ਹਨ। ਸਾਂਤਾ ਫੇ ਭਾਈਚਾਰਕ ਸਾਂਝ ਲਈ ਸ਼ਾਂਤ ਸ਼ਹਿਰ ਵਜੋਂ ਜਾਣਿਆਂ ਜਾਂਦਾ ਹੈ ਤੇ ਸਿੱਖ ਇੱਥੇ ਕਰੀਬ 1960 ਤੋਂ ਰਹਿ ਰਹੇ ਹਨ। ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਨਫ਼ਰਤੀ ਅਪਰਾਧ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਵਧ ਗਏ ਹਨ। ਕੋਲੋਰਾਡੋ ਵਿਚ ਵੀ 29 ਅਪਰੈਲ ਨੂੰ ਅਮਰੀਕੀ ਸਿੱਖ ਲਖਵੰਤ ਸਿੰਘ ਉਤੇ ਹਮਲਾ ਕੀਤਾ ਗਿਆ ਸੀ। ਉਸ ਨਾਲ ਹਮਲਾਵਰ ਨੇ ‘ਗੋ ਬੈਕ ਟੂ ਯੂਅਰ ਕੰਟਰੀ’ ਕਹਿ ਕੇ ਕੁੱਟਮਾਰ ਕੀਤੀ।
-ਪੀਟੀਆਈ