ਵਾਸ਼ਿੰਗਟਨ, 6 ਮਈ
ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਸ਼ੁੱਕਰਵਾਰ ਨੂੰ ਭਾਰਤ ਦੇ ਲੋਕਾਂ ਨਾਲ ਇਕਜੁੱਟਤਾ ਦਾ ਸੁਨੇਹਾ ਦੇਣਗੇ। ਉਹ ਕਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੇ ਭਾਰਤ ਵਿਚ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਅਤੇ ਇਸ ਮਹਾਮਾਰੀ ’ਤੇ ਜਲਦੀ ਤੋਂ ਜਲਦੀ ਕਾਬੂ ਪਾਉਣ ਦੀ ਅਪੀਲ ਕਰਨਗੇ। ਇਹ ਜਾਣਕਾਰੀ ਅੱਜ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਦਿੱਤੀ। ਹੈਰਿਸ ਵਿਦੇਸ਼ ਮੰਤਰਾਲੇ ਵੱਲੋਂ ਕਰਵਾਏ ਜਾਣ ਵਾਲੇ ਇਕ ਆਨਲਾਈਨ ਪ੍ਰੋਗਰਾਮ ‘ਭਾਰਤ ਵਿਚ ਅਮਰੀਕਾ ਦੀਆਂ ਕੋਵਿਡ ਤੋਂ ਰਾਹਤ ਸਬੰਧੀ ਕੋਸ਼ਿਸ਼ਾਂ: ਪਰਵਾਸੀ ਭਾਰਤੀਆਂ ਦਾ ਪਰਿਪੇਖ’ ਨੂੰ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਕਮਲਾ ਹੈਰਿਸ (56) ਦੱਖਣੀ ਏਸ਼ਿਆਈ ਮੂਲ ਦੀ ਪਹਿਲੀ ਅਮਰੀਕੀ ਹੈ ਜੋ ਅਮਰੀਕਾ ਦੀ ਉਪ ਰਾਸ਼ਟਰਪਤੀ ਚੁਣੀ ਗਈ ਹੈ। -ਪੀਟੀਆਈ