ਵਾਸ਼ਿੰਗਟਨ, 25 ਦਸੰਬਰ
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਕਰੋਨਾਵਾਇਰਸ ਦੀ ਜਾਂਚ ਰਿਪੋਰਟ ਵਿਚ ਲਾਗ ਦੀ ਪੁਸ਼ਟੀ ਨਹੀਂ ਹੋਈ ਹੈ। ਅਸਲ ਵਿਚ ਹੈਰਿਸ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਆਪਣੇ ਇਕ ਸਹਿਯੋਗੀ ਦੇ ਸੰਪਰਕ ਵਿਚ ਆਈ ਸੀ, ਜੋ ਬਾਅਦ ਵਿਚ ਲਾਗ ਤੋਂ ਪੀੜਤ ਪਾਇਆ ਗਿਆ। ਉਪ ਰਾਸ਼ਟਰਪਤੀ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਹੈਰਿਸ ਫਿਲਹਾਲ ਲਾਸ ਏਂਜਲਸ ਵਿਚ ਛੁੱਟੀਆਂ ਮਨਾ ਰਹੀ ਹੈ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਜੋ ਸਹਿਯੋਗੀ ਮੰਗਲਵਾਰ ਨੂੰ ਉਨ੍ਹਾਂ ਦੇ ਨਾਲ ਕਾਫੀ ਦੇਰ ਤੱਕ ਸੀ, ਉਹ ਕਰੋਨਾ ਪਾਜ਼ੇਟਿਵ ਪਾਇਆ ਗਿਆ। ਉਪਰੰਤ ਹੈਰਿਸ ਨੇ ਬੁੱਧਵਾਰ ਨੂੰ ਆਪਣੀ ਜਾਂਚ ਕਰਵਾਈ ਸੀ। ਉਨ੍ਹਾਂ ਦੇ ਦਫ਼ਤਰ ਨੇ ਕਿਹਾ ਕਿ ਹੈਰਿਸ ਦੀ ਸ਼ੁੱਕਰਵਾਰ ਨੂੰ ਦੁਬਾਰਾ ਜਾਂਚ ਕੀਤੀ ਜਾਵੇਗੀ। ਹਾਲਾਂਕਿ, ਉਨ੍ਹਾਂ ਦੀਆਂ ਦੋ ਜਾਂਚ ਰਿਪੋਰਟਾਂ ਨੈਗੇਟਿਵ ਆਈਆਂ ਹਨ। ਉਨ੍ਹਾਂ ਦਾ ਪੂਰਨ ਟੀਕਾਕਰਨ ਵੀ ਹੋ ਚੁੱਕਾ ਹੈ ਅਤੇ ਉਨ੍ਹਾਂ ਨੂੰ ਬੂਸਟਰ ਡੋਜ਼ ਵੀ ਲੱਗ ਚੁੱਕੀ ਹੈ। -ਏਪੀ