ਕੋਲੰਬੋ, 28 ਅਕਤੂਬਰ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਅੱਜ ਇੱਥੇ ਕਿਹਾ ਕਿ ਸ੍ਰੀਲੰਕਾ ਬਾਰੇ ਅਮਰੀਕਾ ਦਾ ਨਜ਼ਰੀਆ ਚੀਨ ਨਾਲੋਂ ਕਾਫੀ ਵੱਖ ਹੈ। ਉਨ੍ਹਾਂ ਇੱਥੋਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਇਸ ਦੇਸ਼ ਦੀ ਪ੍ਰਭੂਸੱਤਾ ਤੇ ਸੁਰੱਖਿਆ ਸਬੰਧੀ ਅਮਰੀਕਾ ਦੀ ਵਚਨਬੱਧਤਾ ਦੁਹਰਾਈ।
ਦੁਵੱਲੀ ਗੱਲਬਾਤ ਤੋਂ ਬਾਅਦ ਆਪਣੇ ਸ੍ਰੀਲੰਕਾਈ ਹਮਰੁਤਬਾ ਦਿਨੇਸ਼ ਗੁਣਾਵਰਧਨੇ ਨਾਲ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਮਰੀਕਾ ਦੇ ਚੋਟੀ ਦੇ ਰਾਜਦੂਤ ਨੇ ਕਿਹਾ, ‘‘ਅਮਰੀਕਾ ਤੇ ਸ੍ਰੀਲੰਕਾ ਵੱਲੋਂ ਇਕ ਲੋਕਤੰਤਰੀ ਨਜ਼ਰੀਆ ਸਾਂਝਾ ਕੀਤਾ ਗਿਆ। ਅਸਲ ਵਿੱਚ, ਇਕ ਮਜ਼ਬੂਤ ਪ੍ਰਭੂਤਾਸੰਪੰਨ ਸ੍ਰੀਲੰਕਾ ਸੰਸਾਰ ਪੱਧਰ ’ਤੇ ਇਕ ਸਕਾਰਾਤਮਕ ਭਾਈਵਾਲ ਹੈ। ਇਹ ਹਿੰਦ-ਪ੍ਰਸ਼ਾਂਤ ਖਿੱਤੇ ਵਾਸਤੇ ਆਸ ਦੀ ਇਕ ਕਿਰਨ ਹੋ ਸਕਦਾ ਹੈ।’’
ਸ੍ਰੀ ਪੌਂਪੀਓ ਨੇ ਕਿਹਾ, ‘‘ਚੀਨੀ ਕਮਿਊਨਿਸਟ ਪਾਰਟੀ ਇਕ ਸ਼ਿਕਾਰੀ ਹੈ। ਅਮਰੀਕਾ ਵੱਖਰੀ ਤਰ੍ਹਾਂ ਆਉਂਦਾ ਹੈ, ਅਸੀਂ ਇਕ ਦੋਸਤ ਵਜੋਂ ਆਉਂਦੇ ਹਾਂ।’’ ਪੌਂਪੀਓ ਸ੍ਰੀਲੰਕਾ ਦਾ ਦੌਰਾ ਕਰਨ ਵਾਲੇ ਟਰੰਪ ਪ੍ਰਸ਼ਾਸਨ ਦੇ ਸਭ ਤੋਂ ਉੱਚ ਆਗੂ ਬਣ ਗਏ ਹਨ। ਅਮਰੀਕੀ ਿਵਦੇਸ਼ ਮੰਤਰੀ ਨੇ ਇਸ ਮੌਕੇ ਨੈਵੀਗੇਸ਼ਨ ਦੀ ਆਜ਼ਾਦੀ ਦੀ ਲੋੜ ’ਤੇ ਵੀ ਜ਼ੋਰ ਿਦੱਤਾ। ਉਨ੍ਹਾਂ ਮਗਰੋਂ ਉੱਤਰੀ ਕੋਲੰਬੀਆ ’ਚ ਸੇਂਟ ਐਂਥਨੀ ਚਰਚ ਦਾ ਦੌਰਾ ਕੀਤਾ। ਇਹ ਪਿਛਲੇ ਸਾਲ ਈਸਟਰ ਸੰਡੇ ਦੇ ਹਮਲਿਆਂ ਨਾਲ ਤਬਾਹ ਹੋਈਆਂ ਚਰਚਾਂ ਵਿੱਚੋਂ ਇਕ ਹੈ।
-ਪੀਟੀਆਈ