ਸਾਂ ਫਰਾਂਸਿਸਕੋ, 15 ਮਈ
ਨਿਊਯਾਰਕ ਦੇ ਬਫਲੋ ਦੀ ਸੁਪਰ ਮਾਰਕਿਟ ’ਚ ਭਾਰੀ ਹਥਿਆਰਾਂ ਨਾਲ ਲੈਸ 18 ਵਰ੍ਹਿਆਂ ਦੇ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 10 ਵਿਅਕਤੀਆਂ ਨੂੰ ਮਾਰ ਦਿੱਤਾ। ਹਮਲੇ ’ਚ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਅਮਰੀਕੀ ਨਿਆਂ ਵਿਭਾਗ ਵੱਲੋਂ ਇਸ ਘਟਨਾ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਕੀਤੀ ਜਾ ਰਹੀ ਹੈ। ਖ਼ਬਰ ਏਜੰਸੀ ਸਿਨਹੂਆ ਨੇ ਬਫਲੋ ਦੇ ਪੁਲੀਸ ਕਮਿਸ਼ਨਰ ਜੋਸੇਫ ਗ੍ਰਾਮਾਗਿਲਾ ਦੇ ਹਵਾਲੇ ਨਾਲ ਕਿਹਾ ਕਿ ਗੋਰੇ ਨੌਜਵਾਨ ਨੇ ਫ਼ੌਜ ਵਰਗੀ ਵਰਦੀ ਪਹਿਨੀ ਹੋਈ ਸੀ ਅਤੇ ਅਤੇ ਉਸ ਦੇ ਹੈਲਮਟ ’ਤੇ ਕੈਮਰਾ ਲੱਗਾ ਹੋਇਆ ਸੀ ਤੇ ਉਹ ਗੋਲੀਬਾਰੀ ਦਾ ਲਾਈਵ ਪ੍ਰਸਾਰਣ ਕਰ ਰਿਹਾ ਸੀ। ਪੀੜਤਾਂ ’ਚੋਂ 11 ਸਿਆਹਫਾਮ ਅਤੇ ਦੋ ਗੋਰੇ ਵਿਅਕਤੀ ਹਨ। ਸ਼ੱਕੀ ਨੌਜਵਾਨ ਸ਼ਨਿਚਰਵਾਰ ਦੁਪਹਿਰ ਢਾਈ ਵਜੇ ਦੇ ਕਰੀਬ ਟੌਪਸ ਫਰੈਂਡਲੀ ਮਾਰਕਿਟ ਪਹੁੰਚਿਆ ਅਤੇ ਪਾਰਕਿੰਗ ’ਚ ਚਾਰ ਵਿਅਕਤੀਆਂ ਨੂੰ ਗੋਲੀਆਂ ਮਾਰੀਆਂ। ਸੁਪਰ ਮਾਰਕਿਟ ਅੰਦਰ ਬੇਕਸੂਰਾਂ ਨੂੰ ਗੋਲੀਆਂ ਮਾਰਨ ਤੋਂ ਬਾਅਦ ਬੰਦੂਕਧਾਰੀ ਨੇ ਬੰਦੂਕ ਆਪਣੇ ਗਲੇ ਨਾਲ ਲਗਾ ਲਈ ਸੀ ਪਰ ਪੁਲੀਸ ਅਧਿਕਾਰੀਆਂ ਨੇ ਉਸ ਨੂੰ ਬੰਦੂਕ ਸੁੱਟਣ ਲਈ ਮਨਾ ਲਿਆ। ਉਸ ਨੂੰ ਹਿਰਾਸਤ ’ਚ ਲੈ ਕੇ ਬਫਲੋ ਪੁਲੀਸ ਹੈੱਡਕੁਆਰਟਰ ਲਿਜਾਇਆ ਗਿਆ। ਅਮਰੀਕੀ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਕਿਹਾ ਕਿ ਉਸ ਖ਼ਿਲਾਫ਼ ਹੱਤਿਆ ਦਾ ਕੇਸ ਚੱਲੇਗਾ। ਬਫਲੋ ਦੇ ਮੇਅਰ ਬਾਇਰਨ ਬ੍ਰਾਊਨ ਨੇ ਕਿਹਾ ਕਿ ਹਮਲਾਵਰ ਇਸ ਇਲਾਕੇ ਦਾ ਨਹੀਂ ਸੀ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ ਮੁਲਕ ’ਚੋਂ ਨਸਲਵਾਦ ਦੀ ਭਾਵਨਾ ਖ਼ਤਮ ਕਰਨ ਲਈ ਉਪਰਾਲੇ ਕਰਨੇ ਪੈਣਗੇ। -ਆਈਏਐਨਐਸ