ਪੀਅਰਸ (ਅਮਰੀਕਾ): ਅਮਰੀਕਾ ਦੇ ਉੱਤਰੀ ਨੇਬਰਾਸਕਾ ਸੂਬੇ ਦੇ ਦਿਹਾਤੀ ਇਲਾਕੇ ਪੀਅਰਸ ਵਿੱਚ ਸ਼ਨਿਚਰਵਾਰ ਤੜਕੇ 3.30 ਵਜੇ ਨੂੰ ਇੱਕ ਘਰ ਨੂੰ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਨੇਬਰਾਸਕਾ ਸਟੇਟ ਫਾਇਰ ਮਾਰਸ਼ਲ ਏਜੰਸੀ ਦੇ ਇੱਕ ਸੀਨੀਅਰ ਅਧਿਕਾਰੀ ਐਡਮ ਮੈਟਜ਼ਨਰ ਨੇ ਇੱਕ ਬਿਆਨ ’ਚ ਦੱਸਿਆ ਕਿ ਇਸ ਘਟਨਾ ਵਿੱਚ ਤਿੰਨ ਜਣਿਆਂ ਨੂੰ ਬਚਾ ਲਿਆ ਗਿਆ ਹੈ ਜਦਕਿ ਤਿੰਨ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਉਮਰ 17 ਸਾਲ, 15 ਸਾਲ ਅਤੇ 12 ਸਾਲ ਦੱਸੀ ਗਈ ਹੈ। ਉਨ੍ਹਾਂ ਨੂੰ ਘਟਨਾ ਸਥਾਨ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਬਿਆਨ ਵਿੱਚ ਬੱਚਿਆਂ ਦੇ ਨਾਮ ਨਹੀਂ ਦੱਸੇ ਗਏ। ਘਟਨਾ ਵਿੱਚ ਬਚਾਏ ਗਏ ਲੋਕਾਂ ਵਿੱਚੋਂ ਇੱਕ ਨੂੰ ਇਲਾਜ ਮਗਰੋਂ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਮੈਟਜ਼ਨਰ ਨੇ ਕਿਹਾ ਕਿ ਅੱਗ ਲੱਕੜਾਂ ਬਾਲਣ ਵਾਲੇ ਚੁੱਲ੍ਹੇ ਕਾਰਨ ਲੱਗੀ ਸੀ। ਨੌਰਫੋਲਕ ਦੇ ਸੈਨੇਟਰ ਮਾਈਕ ਫਲੱਡ ਨੇ ਘਟਨਾ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। -ਏਪੀ