ਕੋਲੰਬੋ: ਭਾਰਤੀ ਜਲ ਸੈਨਾ ਦੇ ਵਾਈਸ ਐਡਮਿਰਲ ਅਨਿਲ ਚਾਵਲਾ ਨੇ ਸ੍ਰੀਲੰਕਾ ਦੀ ਜਲ ਸੈਨਾ ਅਤੇ ਹਵਾਈ ਸੈਨਾ ਦੇ ਕਮਾਂਡਰਾਂ ਨਾਲ ਮੁਲਾਕਾਤ ਕੀਤੀ। ਦੋਵਾਂ ਮੁਲਕਾਂ ਦੀਆਂ ਜਲ ਸੈਨਾਵਾਂ ਚਾਰ ਦਿਨਾ ਟਰੇਨਿੰਗ ਅਭਿਆਸ ਵਿੱਚ ਹਿੱਸਾ ਲੈ ਰਹੀਆਂ ਹਨ, ਜਿਸਦਾ ਮਕਸਦ ਰੱਖਿਆ ਖੇਤਰ ਵਿੱਚ ਸਹਿਯੋਗ ਤੇ ਆਪਸੀ ਤਾਲਮੇਲ ਨੂੰ ਉਤਸ਼ਾਹਿਤ ਕਰਨਾ ਹੈ। ਭਾਰਤ ਦੇ ਹਾਈ ਕਮਿਸ਼ਨ ਨੇ ਟਵੀਟ ਕਰ ਕੇ ਦੱਸਿਆ ਕਿ ਵਾਈਸ ਐਡਮਿਰਲ ਸ੍ਰੀ ਚਾਵਲਾ ਨੇ ਸ੍ਰੀਲੰਕਾ ਦੀ ਜਲ ਸੈਨਾ ਦੇ ਕਮਾਂਡਰ ਨਿਸ਼ਾਂਤਾ ਉਲੂਗੇਤੇਨੈ ਅਤੇ ਏਅਰਫੋਰਸ ਦੇ ਕਮਾਂਡਰ ਐੱਸ ਕੇ ਪਥੀਰਾਨਾ ਤੇ ਵਿਦੇਸ਼ ਸਕੱਤਰ ਜਯਾਨਾਥ ਨਾਲ ਮੁਲਾਕਾਤ ਕੀਤੀ। ਉਨ੍ਹਾਂ ਐੱਨਡੀਸੀ ਦੀ ਫੈਕਲਟੀ ਨਾਲ ਵੀ ਗੱਲਬਾਤ ਕੀਤੀ ਅਤੇ ਭਾਰਤੀ ਹਵਾਈ ਸੈਨਾ ਦੇ ਟਰੇਨੀ ਅਲੂਮਨੀ ਵਿੱਚ ਵੀ ਹਿੱਸਾ ਲਿਆ ਜਿਸਦਾ ਮਕਸਦ ਦੋਵਾਂ ਮੁਲਕਾਂ ਦੀ ਮਿੱਤਰਤਾ ਨੂੰ ਮਜ਼ਬੂਤ ਕਰਨਾ ਸੀ। ਹਾਈ ਕਮਿਸ਼ਨ ਨੇ ਟਵੀਟ ਕੀਤਾ,‘ਆਈਪੀਕੇਐੱਫ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।’ ਇੱਕ ਤਸਵੀਰ ’ਚ ਸ੍ਰੀ ਚਾਵਲਾ ਆਈਪੀਕੇਐੱਫ ਫ਼ੌਜੀਆਂ ਦੀ ਯਾਦਗਾਰ ਸਾਹਮਣੇ ਸ਼ਰਧਾਂਜਲੀ ਭੇਟ ਕਰਦੇ ਵਿਖਾਈ ਦੇ ਰਹੇ ਹਨ। -ਪੀਟੀਆਈ