ਹਨੋਈ, 9 ਸਤੰਬਰ
ਉੱਤਰੀ ਵੀਅਤਨਾਮ ਵਿੱਚ ਤੂਫਾਨ ਦੌਰਾਨ ਜ਼ੋਰਦਾਰ ਮੀਂਹ ਕਾਰਨ ਅੱਜ ਹੜ੍ਹ ਆ ਗਏ, ਜਿਸ ਵਿੱਚ ਪੁਲ ਟੁੱਟ ਗਿਆ ਅਤੇ ਬੱਸ ਰੁੜ੍ਹ ਗਈ। ਸਰਕਾਰੀ ਮੀਡੀਆ ਮੁਤਾਬਕ ਦੱਖਣੀ-ਪੂਰਬੀ ਏਸ਼ਿਆਈ ਦੇਸ਼ ਵਿੱਚ ਇਸ ਕੁਦਰਤੀ ਆਫ਼ਤ ਕਾਰਨ 59 ਜਾਨਾਂ ਜਾ ਚੁੱਕੀਆਂ ਹਨ। ਵੀਅਤਨਾਮ ਵਿੱਚ ਸ਼ਨਿਚਰਵਾਰ ਨੂੰ ਆਏ ਤੂਫਾਨ ਵਿੱਚ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੜ੍ਹ ਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਦੌਰਾਨ 50 ਹੋਰ ਜਾਨਾਂ ਜਾ ਚੁੱਕੀਆਂ ਹਨ। ਉੱਤਰੀ ਵੀਅਤਨਾਮ ਵਿੱਚ ਕਈ ਨਹਿਰਾਂ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਗਈਆਂ ਹਨ। ਅੱਜ ਸਵੇਰੇ ਪਹਾੜੀ ਕਾਓ ਬਾਂਗ ਸੂਬੇ ਵਿੱਚ 20 ਯਾਤਰੀਆਂ ਨੂੰ ਲਿਜਾ ਰਹੀ ਬੱਸ ਹੜ੍ਹ ਦੇ ਪਾਣੀ ਵਿੱਚ ਵਹਿ ਗਈ। ਇਸ ਘਟਨਾ ਮਗਰੋਂ ਬਚਾਅ ਟੀਮ ਭੇਜੀ ਗਈ ਪਰ ਢਿੱਗਾਂ ਡਿੱਗਣ ਕਾਰਨ ਰਸਤਾ ਬੰਦ ਹੋ ਗਿਆ। ਫੂ ਥੋ ਸੂਬੇ ਵਿੱਚ ਅੱਜ ਸਵੇਰੇ ਸਟੀਲ ਦਾ ਪੁਲ ਤਬਾਹ ਹੋ ਗਿਆ, ਜਿਸ ਮਗਰੋਂ ਬਚਾਅ ਮੁਹਿੰਮ ਜਾਰੀ ਹੈ। ਖ਼ਬਰਾਂ ਮੁਤਾਬਕ ਦਸ ਕਾਰਾਂ ਤੇ ਟਰੱਕ ਅਤੇ ਦੋ ਮੋਟਰਸਾਈਕਲ ਨਹਿਰ ਵਿੱਚ ਰੁੜ੍ਹ ਗਏ। ਤਿੰਨ ਜਣਿਆਂ ਨੂੰ ਨਹਿਰ ਵਿੱਚੋਂ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਦੋਂਕਿ 13 ਲਾਪਤਾ ਹਨ। -ਏਪੀ