ਯੈਂਗੋਨ (ਮਿਆਂਮਾਰ), 25 ਫਰਵਰੀ
ਮਿਆਂਮਾਰ ਵਿੱਚ ਫ਼ੌਜ ਦਾ ਸਮਰਥਨ ਕਰਨ ਵਾਲੇ ਸਮੂਹ ਦੇ ਮੈਂਬਰਾਂ ਨੇ ਤਖ਼ਤਾ ਪਲਟਣ ਦਾ ਵਿਰੋਧ ਕਰ ਰਹੇ ਲੋਕਾਂ ’ਤੇ ਹਮਲਾ ਕਰ ਦਿੱਤਾ ਅਤੇ ਮਿਆਂਮਾਰ ਦੇ ਇਸ ਸਭ ਤੋਂ ਵੱਡੇ ਸ਼ਹਿਰ ਵਿੱਚ ਇਸ ਦੌਰਾਨ ਕਈ ਲੋਕ ਜ਼ਖ਼ਮੀ ਹੋ ਗਏ। ਸੂ ਕੀ ਦੀ ਸਰਕਾਰ ਨੂੰ ਮੁੜ ਸੱਤਾ ’ਚ ਬਹਾਲ ਕਰਨ ਲਈ ਹਰ ਰੋਜ਼ ਵੱਡੀ ਪੱਧਰ ’ਤੇ ਪ੍ਰਦਰਸ਼ਨ ਕਰਨ ਵਾਲਿਆਂ ਤੇ ਫ਼ੌਜ ਵਿਚਾਲੇ ਪਹਿਲਾਂ ਤੋਂ ਚੱਲੇ ਆ ਰਹੇ ਤਣਾਅ ਕਾਰਨ ਅੱਜ ਸਥਿਤੀ ਹੋਰ ਵਿਗੜ ਗਈ।
ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਦੀ ਐਸੋਸੀਏਸ਼ਨ ਦੇ ਮੈਂਬਰ ਤਣਾਅ ਘੱਟ ਕਰਨ ਲਈ ਮਿਆਂਮਾਰ ਦੀ ਸੈਨਾ ਨੂੰ ਕੁਝ ਢਿੱਲ ਦੇਣ ਦੀ ਅਪੀਲ ਕਰ ਰਹੇ ਹਨ। 10 ਦੇਸ਼ਾਂ ਦੇ ਖੇਤਰੀ ਸਮੂਹ ਦਾ ਮੰਨਣਾ ਹੈ ਕਿ ਟਕਰਾਅ ਦੀ ਬਜਾਏ ਫ਼ੌਜੀ ਅਧਿਕਾਰੀਆਂ ਨਾਲ ਗੱਲਬਾਤ ਕਿਸੇ ਸਹਿਮਤੀ ਤੱਕ ਪਹੁੰਚਣ ਲਈ ਜ਼ਿਆਦਾ ਪ੍ਰਭਾਵੀ ਤਰੀਕਾ ਹੈ। ਸੋਸ਼ਲ ਮੀਡੀਆ ’ਤੇ ਜਾਰੀ ਵੀਡੀਓਜ਼ ਤੇ ਤਸਵੀਰਾਂ ’ਚ ਜ਼ਖ਼ਮੀਆਂ ਤੇ ਹਮਲਾਵਰਾਂ ਨੂੰ ਦੇਖਿਆ ਜਾ ਸਕਦਾ ਹੈ। ਉੱਧਰ, ਪੁਲੀਸ ਮੂਕ ਦਰਸ਼ਕ ਬਣੀ ਖੜ੍ਹੀ ਹੈ। ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਉਨ੍ਹਾਂ ਕੋਲ ਲੋਹੇ ਦੀਆਂ ਰਾਡਾਂ, ਚਾਕੂ ਅਤੇ ਹੋਰ ਤੇਜ਼ਧਾਰ ਹਥਿਆਰ ਸਨ। ਤੇਜ਼ੀ ਨਾਲ ਵਾਇਰਲ ਹੋ ਰਹੀ ਇਕ ਵੀਡੀਓ ਵਿੱਚ ਸੁਲੇ ਪਗੋਡਾ ਜਾ ਰਹੀ ਇਕ ਸੜਕ ’ਤੇ ਇਕ ਦਫ਼ਤਰ ਦੀ ਇਮਾਰਤ ਸਾਹਮਣੇ ਇਕ ਵਿਅਕਤੀ ਨੂੰ ਚਾਕੂ ਮਾਰਦੇ ਦੇਖਿਆ ਜਾ ਸਕਦਾ ਹੈ। ਜ਼ਖ਼ਮੀਆਂ ਦੀ ਗਿਣਤੀ ਤੇ ਉਨ੍ਹਾਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਹਾਲਾਤ ਉਸ ਵੇਲੇ ਵਿਗੜੇ ਜਦੋਂ ਸੈਂਕੜੇ ਲੋਕ ਤਖ਼ਤਾ ਪਲਟ ਦੇ ਸਮਰਥਨ ਵਿੱਚ ਮਾਰਚ ਕਰ ਰਹੇ ਸਨ।
-ਏਪੀ