ਵੈਲਿੰਗਟਨ, 16 ਜਨਵਰੀ
ਸਮੁੰਦਰ ਅੰਦਰ ਜਵਾਲਾਮੁਖੀ ਫਟਣ ਮਗਰੋਂ ਪ੍ਰਸ਼ਾਂਤ ਮਹਾਸਾਗਰ ਦੇ ਨੇੜਲੇ ਇਲਾਕਿਆਂ ਵਿੱਚ ਸੁਨਾਮੀ ਦਾ ਖ਼ਤਰਾ ਘਟਣਾ ਸ਼ੁਰੂ ਹੋ ਗਿਆ ਹੈ ਪਰ ਛੋਟੇ ਜਿਹੇ ਟਾਪੂਨੁਮਾ ਮੁਲਕ ਟੋਂਗਾ ’ਤੇ ਵੱਡੇ ਪੱਧਰ ’ਤੇ ਸੁਆਹ ਦੇ ਬੱਦਲ ਛਾ ਗਏ ਹਨ। ਇੱਥੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਨਿਊਜ਼ੀਲੈਂਡ ਤੋਂ ਨਿਗਰਾਨ ਉਡਾਣਾਂ ਵੀ ਅਜੇ ਨਹੀਂ ਭੇਜੀਆਂ ਜਾ ਸਕਦੀਆਂ। ਸੈਟੇਲਾਈਟ ਦੀਆਂ ਤਸਵੀਰਾਂ ਵਿੱਚ ਬੀਤੀ ਸ਼ਾਮ ਹੋਏ ਵੱਡੇ ਧਮਾਕੇ ਮਗਰੋਂ ਪ੍ਰਸ਼ਾਂਤ ਮਹਾਸਾਗਰ ’ਤੇ ਸੁਆਹ, ਭਾਫ਼ ਅਤੇ ਗੈਸ ਦੀ ਮੋਟੀ ਪਰਤ ਦਿਖ ਰਹੀ ਸੀ। ਇਸ ਧਮਾਕੇ ਦੀ ਆਵਾਜ਼ ਅਲਾਸਕਾ ਤੱਕ ਸੁਣੀ ਜਾ ਸਕਦੀ ਸੀ। ਲੋਕ ਜਾਨ ਬਚਾਉਣ ਲਈ ਉੱਚੀਆਂ ਥਾਵਾਂ ਵੱਲ ਜਾਣ ਲੱਗੇ ਹਨ। ਇੱਥੇ ਇੰਟਰਨੈੱਟ ਸੇਵਾਵਾਂ ਠੱਪ ਹੋ ਗਈਆਂ ਹਨ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਿਹਾ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। -ਏਪੀ