ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਜਲਵਾਯੂ ਬਦਲਾਅ ਅਤੇ ਖ਼ਤਰਨਾਕ ਤੂਫ਼ਾਨਾਂ, ਹੜ੍ਹਾਂ ਤੇ ਜੰਗਲ ਦੀ ਅੱਗ ਤੋਂ ਨਿਪਟਣ ’ਚ ਦੇਸ਼ ਦੀ ਮਦਦ ਕਰਨ ਲਈ ਵਿਆਪਕ ਪੱਧਰ ’ਤੇ ਲੋਕ ਸੰਕਲਪ ਦੀ ਅਪੀਲ ਕੀਤੀ ਹੈ। ਬਾਇਡਨ ਸ਼ੁੱਕਰਵਾਰ ਨੂੰ ਤੂਫ਼ਾਨ ਪ੍ਰਭਾਵਿਤ ਲੁਸੀਆਨਾ ਪਹੁੰਚੇ। ਬਾਇਡਨ ਲੁਸੀਆਨਾ ਦੇ ਡੈਮੋਕਰੈਟਿਕ ਗਵਰਨਰ ਜੌਹਨ ਬੇਲ ਐਡਵਰਡਜ਼ ਨਾਲ ਮੁਲਾਕਾਤ ਕਰਨਗੇ ਅਤੇ ਹੋਰ ਅਧਿਕਾਰੀਆਂ ਨੂੰ ਵੀ ਮਿਲਣਗੇ। ਇਸ ਦੌਰਾਨ ਰਾਸ਼ਟਰਪਤੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕਰਨਗੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਬਾਇਡਨ ਨੇ ਇਸ ਹਫ਼ਤੇ ਆਈਆਂ ਕੁਦਰਤੀ ਆਫ਼ਤਾਂ ਦੇ ਸਬੰਧ ਵਿਚ ਵ੍ਹਾਈਟ ਹਾਊਸ ’ਚ ਭਾਸ਼ਣ ਦਿੱਤਾ। ਉਨ੍ਹਾਂ ਕਿਹਾ, ‘‘ਮੇਰਾ ਇਹ ਸੁਨੇਹਾ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਹਰੇਕ ਵਿਅਕਤੀ ਲਈ ਹੈ ਕਿ ਇਸ ਸਭ ਵਿਚ ਅਸੀਂ ਸਾਰੇ ਇਕੱਠੇ ਹਾਂ। ਦੇਸ਼ ਇੱਥੇ ਤੁਹਾਡੀ ਮਦਦ ਲਈ ਖੜ੍ਹਾ ਹੈ।’’ -ਏਪੀ