ਮਾਸਕੋ, 7 ਸਤੰਬਰ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਮਾਸਕੋ ਆਪਣੇ ਮੰਤਵ ਨੂੰ ਹਾਸਲ ਕਰਨ ਤੱਕ ਯੂਕਰੇਨ ’ਚ ਆਪਣੀ ਫ਼ੌਜੀ ਕਾਰਵਾਈ ਜਾਰੀ ਰੱਖੇਗਾ। ਉਨ੍ਹਾਂ ਪਾੰਬਦੀਆਂ ਰਾਹੀਂ ਰੂਸ ਨੂੰ ਖੁੱਡੇ ਲਾਉਣ ਦੀਆਂ ਪੱਛਮੀ ਮੁਲਕਾਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਮਖੌਲ ਵੀ ਉਡਾਇਆ। ਪੂਤਿਨ ਨੇ ਬੰਦਰਗਾਹ ਸ਼ਹਿਰ ਵਲਾਦੀਵੋਸਤੋਕ ’ਚ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ ’ਚ ਕਿਹਾ ਕਿ ਯੂਕਰੇਨ ’ਚ ਫ਼ੌਜ ਭੇਜਣ ਪਿੱਛੇ ਅੱਠ ਸਾਲ ਦੀ ਲੜਾਈ ਤੋਂ ਬਾਅਦ ਉਸ ਮੁਲਕ ਦੇ ਪੂਰਬੀ ਖ਼ਿੱਤੇ ’ਚ ਲੋਕਾਂ ਦੀ ਰੱਖਿਆ ਕਰਨਾ ਮੁੱਖ ਮਕਸਦ ਸੀ। ਪੂਤਿਨ ਨੇ ਕਿਹਾ,‘‘ਅਸੀਂ ਫ਼ੌਜੀ ਕਾਰਵਾਈ ਸ਼ੁਰੂ ਨਹੀਂ ਕੀਤੀ ਸੀ। ਅਸੀਂ ਤਾਂ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।’’ ਉਨ੍ਹਾਂ ਆਪਣੀ ਇਸ ਦਲੀਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਯੂਕਰੇਨ ’ਚ ਰੂਸ ਸਮਰਥਿਤ ਵੱਖਵਾਦੀ ਖ਼ਿੱਤਿਆਂ ਦੀ ਰੱਖਿਆ ਲਈ ਯੂਕਰੇਨ ’ਚ ਫ਼ੌਜ ਭੇਜੀ, ਜਿਨ੍ਹਾਂ 2014 ’ਚ ਕ੍ਰੀਮੀਆ ਦੇ ਰੂਸ ਦੇ ਕਬਜ਼ੇ ਤੋਂ ਬਾਅਦ ਭੜਕੇ ਸੰਘਰਸ਼ ’ਚ ਯੂਕਰੇਨੀ ਫ਼ੌਜ ਨਾਲ ਲੜਾਈ ਲੜੀ ਹੈ। ਪੂਤਿਨ ਨੇ ਕਿਹਾ ਕਿ ਰੂਸ ਨੇ ਪੱਛਮੀ ਮੁਲਕਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਦਿਆਂ ਆਪਣੀ ਖੁਦਮੁਖਤਿਆਰੀ ਨੂੰ ਮਜ਼ਬੂਤ ਕੀਤਾ ਹੈ। ‘ਰੂਸ ਨੇ ਪੱਛਮ ਦੇ ਆਰਥਿਕ, ਵਿੱਤੀ ਅਤੇ ਤਕਨੀਕੀ ਹਮਲਿਆਂ ਦਾ ਜਵਾਬ ਦਿੱਤਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਕੁਝ ਨਹੀਂ ਗੁਆਇਆ ਹੈ।’ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਰੂਸ ’ਚ ਆਰਥਿਕ ਅਤੇ ਵਿੱਤੀ ਹਾਲਤ ਸਥਿਰ ਹੋ ਗਈ ਹੈ, ਮਹਿੰਗਾਈ ਘੱਟ ਹੋ ਗਈ ਹੈ ਅਤੇ ਬੇਰੁਜ਼ਗਾਰੀ ਦੀ ਦਰ ਵੀ ਘੱਟ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਰੂਸ ਆਪਣੇ ਆਲਮੀ ਅਸਰ ਨੂੰ ਬਣਾਈ ਰਖਣ ਲਈ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਕੀਤੀ ਗਈ ਕਿਸੇ ਵੀ ਕਾਰਵਾਈ ਦਾ ਸਾਹਮਣਾ ਕਰਦਿਆਂ ਆਪਣੀ ਖੁਦਮੁਖਤਿਆਰੀ ਦੀ ਰੱਖਿਆ ਕਰਨਾ ਜਾਰੀ ਰਖੇਗਾ। -ਏਪੀ
ਪੂਤਿਨ ਤੇ ਜਿਨਪਿੰਗ ਦੀ ਮੀਟਿੰਗ ਅਗਲੇ ਹਫ਼ਤੇ
ਮਾਸਕੋ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਵਿਚਕਾਰ ਅਗਲੇ ਹਫ਼ਤੇ ਉਜ਼ਬੇਕਿਸਤਾਨ ’ਚ ਮੀਟਿੰਗ ਹੋਵੇਗੀ। ਚੀਨ ’ਚ ਰੂਸੀ ਸਫ਼ੀਰ ਆਂਦਰੇਈ ਡੇਨੀਸੋਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਵੇਂ ਆਗੂ 15-16 ਸਤੰਬਰ ਨੂੰ ਉਜ਼ਬੇਕਿਸਤਾਨ ਦੀ ਰਾਜਧਾਨੀ ਸਮਰਕੰਦ ’ਚ ਹੋਣ ਵਾਲੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ ਸੰਮੇਲਨ ਦੌਰਾਨ ਮੁਲਾਕਾਤ ਕਰਨਗੇ। ਜੇਕਰ ਇਹ ਦੌਰਾ ਸਿਰੇ ਚੜ੍ਹਿਆ ਤਾਂ ਸ਼ੀ ਢਾਈ ਸਾਲਾਂ ਬਾਅਦ ਕੋਈ ਪਹਿਲਾ ਵਿਦੇਸ਼ੀ ਦੌਰਾ ਕਰਨਗੇ। -ਏਪੀ