ਲੰਡਨ, 4 ਨਵੰਬਰ
ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਹੈ ਕਿ ਉਹ ਬ੍ਰਿਟੇਨ ਦੀ ਸਰਹੱਦੀ ਸੁਰੱਖਿਆ ਏਜੰਸੀ ਲਈ ਫੰਡ ਦੁੱਗਣੇ ਕਰਨਗੇ। ਉਨ੍ਹਾਂ ਛੋਟੀਆਂ ਕਿਸ਼ਤੀਆਂ ’ਚ ਇੰਗਲਿਸ਼ ਚੈਨਲ ਪਾਰ ਕਰਨ ਵਾਲੇ ਪਰਵਾਸੀਆਂ ਨੂੰ ਰੋਕਣ ਦੇ ਇਰਾਦੇ ਨਾਲ ਕਿਹਾ ਕਿ ਮਨੁੱਖੀ ਤਸਕਰ ਗਰੋਹਾਂ ਨਾਲ ਅਤਿਵਾਦੀ ਨੈੱਟਵਰਕਾਂ ਵਾਂਗ ਸਿੱਝਿਆ ਜਾਵੇਗਾ। ਕੌਮਾਂਤਰੀ ਪੁਲੀਸ ਸੰਗਠਨ ਇੰਟਰਪੋਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਟਾਰਮਰ ਨੇ ਕਿਹਾ ਕਿ ਗ਼ੈਰਕਾਨੂੰਨੀ ਪਰਵਾਸ ਨੂੰ ਹੱਲਾਸ਼ੇਰੀ ਦੇਣ ਵਾਲੇ ਗਰੋਹ ਆਲਮੀ ਸੁਰੱਖਿਆ ਲਈ ਵੱਡਾ ਖ਼ਤਰਾ ਹਨ। ਗਲਾਸਗੋ (ਸਕੌਟਲੈਂਡ) ’ਚ ਇੰਟਰਪੋਲ ਦੀ ਚਾਰ ਰੋਜ਼ਾ ਕਾਨਫਰੰਸ ’ਚ 196 ਮੁਲਕਾਂ ਦੇ ਸੀਨੀਅਰ ਪੁਲੀਸ ਅਤੇ ਸਰਕਾਰੀ ਅਧਿਕਾਰੀ ਹਿੱਸਾ ਲੈ ਰਹੇ ਹਨ। ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ’ਚ ਵਧੇਰੇ ਸਹਿਯੋਗ ਕਾਇਮ ਕਰਨ ਅਤੇ ਹੋਰ ਮੁਲਕਾਂ ਨਾਲ ਤਾਲਮੇਲ ਬਣਾਉਣ ਦਾ ਵੀ ਸੱਦਾ ਦਿੱਤਾ। ਸਟਾਰਮਰ ਨੇ ਯੂਕੇ ਬਾਰਡਰ ਸਿਕਊਰਿਟੀ ਕਮਾਂਡ ਦਾ ਦੋ ਸਾਲ ਦਾ ਬਜਟ 75 ਮਿਲੀਅਨ ਪੌਂਡ ਤੋਂ ਵਧਾ ਕੇ 150 ਮਿਲੀਅਨ ਪੌਂਡ ਕਰਨ ਦੀ ਯੋਜਨਾ ਬਣਾਈ ਹੈ। ਇਸ ਪੈਸੇ ਦੀ ਵਰਤੋਂ ਉੱਚ ਤਕਨੀਕੀ ਨਿਗਰਾਨ ਉਪਕਰਣਾਂ ਅਤੇ 100 ਮਾਹਿਰ ਜਾਂਚਕਾਰਾਂ ਦੀ ਭਰਤੀ ਲਈ ਕੀਤੀ ਜਾਵੇਗੀ। -ਏਪੀ